ਡੀ.ਸੀ. ਤੇ ਐਸ.ਐਸ.ਪੀ. ਨੇ ਵਿਸ਼ੇਸ਼ ਜਾਗਰੂਕਤਾ ਰੱਥ ਕੀਤਾ ਰਵਾਨਾ

ਫਤਹਿਗੜ੍ਹ ਸਾਹਿਬ – : ਗੰਦਗੀ ਅਜਿਹੀ ਸਮਾਜਿਕ ਸਮੱਸਿਆ ਹੈ ਜਿਸ ਨੂੰ ਖਤਮ ਕਰਨ ਲਈ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਆਪਸ ਵਿੱਚ ਮਿਲ ਕੇ ਇੱਕ ਜਨ ਅੰਦੋਲਨ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਜੋ ਸਾਡਾ ਜ਼ਿਲ੍ਹਾ ਜੋ ਕਿ ਪਿੰਡਾਂ ਨੂੰ ਓ.ਡੀ.ਐਫ. ਕਰਨ ਵਿੱਚ ਦੇਸ਼ ਦੇ ਪਹਿਲੇ ਜ਼ਿਲ੍ਹੇ ਦੇ ਤੌਰ ‘ਤੇ ਜਾਣਿਆਂ ਜਾਂਦਾ ਹੈ ਉਸੇ ਤਰ੍ਹਾਂ ਸਾਫ-ਸਫਾਈ ਪੱਖੋਂ ਵੀ ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲਾ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਦੇਸ਼ ਦੇ ਮੋਹਰੀ ਜ਼ਿਲ੍ਹਿਆਂ ਵਿੱਚ ਸ਼ਾਮਲ ਹੋ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਰਕਾਰ ਵੱਲੋਂ 15 ਸਤੰਬਰ ਤੋਂ 2 ਅਕਤੂਬਰ ਤੱਕ ‘ ਸਵੱਛਤਾ ਹੀ ਸੇਵਾ ‘ ਵਿਸ਼ੇ ‘ਤੇ ਮਨਾਏ ਜਾ ਰਹੇ ਸਵੱਛਤਾ ਪੰਦਰਵਾੜੇ ਸਬੰਧੀ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਾਫ ਸਫਾਈ ਰੱਖਣ ਦੀ ਸਹੁੰ ਚੁਕਾਉਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਸਫ਼ਾਈ ਰੱਖਣ ਲਈ ਹਰੇਕ ਵਰਗ ਦੇ ਲੋਕਾਂ ਅੰਦਰ ਸਮਰਪਣ ਦੀ ਭਾਵਨਾ ਹੋਣਾ ਜਰੂਰੀ ਹੈ ਅਤੇ ਸਾਫ਼ ਸੁਥਰੇ ਮਾਹੌਲ ਨੂੰ ਜਿੰਦਗੀ ਦਾ ਹਿੱਸਾ ਬਣਾਉਣਾ ਵੀ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਜਿਸ ਮੰਤਵ ਨਾਲ ਇਹ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਉਹ ਤਾਂ ਹੀ ਪੂਰਾ ਹੋ ਸਕਦਾ ਹੈ ਜੇਕਰ ਜ਼ਿਲ੍ਹੇ ਦਾ ਹਰੇਕ ਨਾਗਰਿਕ ਵਲੰਟੀਅਰ ਤੌਰ ‘ਤੇ ਸ਼੍ਰਮਦਾਨ ਰਾਹੀਂ ਸਾਫ ਸਫਾਈ ਰੱਖਣ ਵਿੱਚ ਸਹਿਯੋਗ ਦੇਵੇ। ਉਨ੍ਹਾਂ ਇਸ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਜ਼ਿਲ੍ਹੇ ਦੇ ਲੋਕਾਂ ਨੂੰ ਸਾਫ ਸਫਾਈ ਰੱਖਣ ਲਈ ਜਾਗਰੂਕ ਕਰਨ ਵਾਸਤੇ ਤਿਆਰ ਕੀਤੇ ਗਏ ਵਿਸ਼ੇਸ਼ ਜਾਗਰੂਕਤਾ ਰੱਥ ਨੂੰ ਰਵਾਨਾਂ ਵੀ ਕੀਤਾ ਜੋ ਕਿ ਜ਼ਿਲ੍ਹੇ ਦੇ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਸਵੱਛਤਾ ਬਾਰੇ ਜਾਗਰੂਕ ਕਰੇਗਾ।

Be the first to comment

Leave a Reply