ਡੇਰੇ ‘ਚ ਚਲਾਏ ਜਾਣ ਵਾਲੇ ਸਰਚ ਆਪਰੇਸ਼ਨ ਦੇ ਲਈ ਸੁਰੱਖਿਆ ਫੋਰਸ ‘ਚ ਵਾਧਾ

ਸਿਰਸਾ — ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ‘ਤੇ ਡੇਰਾ ਸੱਚਾ ਸੌਦਾ ਦੇ ਸਿਰਸਾ ਸਥਿਤ ਮੁੱਖ ਕੇਂਦਰ ‘ਚ ਸਰਚ ਆਪਰੇਸ਼ਨ ਦੇ ਲਈ ਨਿਯੁਕਤ ਕੋਰਟ ਕਮਿਸ਼ਨਰ ਏ.ਕੇ.ਐਸ. ਪਵਾਰ ਦੇ ਸਿਰਸਾ ਨਾ ਪਹੁੰਚ ਸਕਣ ਦੇ ਕਾਰਨ ਡੇਰੇ ਦੇ ਸਰਚ ਆਪਰੇਸ਼ਨ ਦੀ ਕਾਰਵਾਈ ਨੂੰ ਅੰਜਾਮ ਨਹੀਂ ਦਿੱਤਾ ਜਾ ਸਕਿਆ। ਇਸ ਆਪਰੇਸ਼ਨ ਦੇ ਲਈ ਪ੍ਰਸ਼ਾਸਨ ਅਤੇ ਪੁਲਸ ਦੇ ਨਾਲ-ਨਾਲ ਮਿਲਟਰੀ ਬਲਾਂ ਵਲੋਂ ਪੂਰੀ ਤਿਆਰੀ ਕਰ ਲਈ ਗਈ ਸੀ। ਸਾਰਾ  ਦਿਨ ਫੋਰਸ ਸਰਚ ਸ਼ੁਰੂ ਕਰਨ ਦੇ ਹੁਕਮ ਦਾ ਇੰਤਜ਼ਾਰ ਕਰਦੀ ਰਹੀ। ਪਰੰਤੂ ਸ਼ਾਮ ਨੂੰ ਹੀ ਇਸ ਗੱਲ ਦੀ ਪੁਸ਼ਟੀ ਹੋ ਸਕੀ ਕੇ ਕੋਰਟ ਕਮਿਸ਼ਨਰ ਦੇ ਵੀਰਵਾਰ ਸਿਰਸਾ ਪਹੁੰਚਣ ਤੋਂ ਬਾਅਦ ਹੀ ਸਰਚ ਆਪਰੇਸ਼ਨ ਦੀ ਕਾਰਵਾਈ ਕਿਸੇ ਵੀ ਸਮੇਂ ਸ਼ੁਰੂ ਕੀਤੀ ਜਾ ਸਕਦੀ ਹੈ।
ਡੇਰੇ ‘ਚ ਸਰਚ ਆਪਰੇਸ਼ਨ ਚਲਾਏ ਜਾਣ ਦੇ ਮੱਦੇਨਜ਼ਰ ਡੇਰੇ ਦੇ ਆਸਪਾਸ ਜਿਥੇ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ ਉਥੇ ਡੇਰੇ ਨੂੰ ਜਾਣ ਵਾਲੇ ਸਾਰੇ ਰਸਤੇ ਵੀ ਸੀਲ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਲਾਕੇ ਦੇ ਨਾਲ ਲੱਗਦੇ ਤਿੰਨ ਪਿੰਡਾਂ ‘ਚ 14ਵੇਂ ਦਿਨ ਵੀ ਕਰਫਿਊ ਜਾਰੀ ਹੈ। ਇਨ੍ਹਾਂ 3 ਪਿੰਡਾਂ ਦੇ ਨਾਲ-ਨਾਲ ਡੇਰੇ ਦੇ ਨਾਲ ਲਗਦੀਆਂ 3 ਕਲੋਨੀਆਂ ‘ਚ ਰਹਿਣ ਵਾਲੇ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੇਰੇ ‘ਚ ਚਲਾਏ ਜਾਣ ਵਾਲੇ ਸਰਚ ਆਪਰੇਸ਼ਨ ਦੇ ਲਈ ਸੁਰੱਖਿਆ ਫੋਰਸ ‘ਚ ਵਾਧਾ ਕੀਤਾ ਗਿਆ ਹੈ। ਵਰਤਮਾਨ ਸਮੇਂ ‘ਚ ਜਿਥੇ ਸਿਰਸਾ ਡੇਰੇ ਦੇ ਆਸਪਾਸ 4 ਫੌਜ ਦੀਆਂ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਉਥੇ ਪੈਰਾ ਮਿਲਟਰੀ ਫੋਰਸ ਦੀਆਂ 41 ਕੰਪਨੀਆਂ ਨੇ ਵੀ  ਡੇਰਾ ਜਮਾਇਆ ਹੋਇਆ ਹੈ। ਇਨ੍ਹਾਂ ‘ਚ 20 ਕੰਪਨੀਆਂ ਸੀ.ਆਰ.ਪੀ.ਐਫ. ਦੀਆਂ , 12 ਕੰਪਨੀਆਂ ਆਰਮਡ ਬਾਰਡਰ ਫੋਰਸ ਦੀਆਂ, 5 ਆਈ.ਟੀ.ਬੀ.ਪੀ., 2 ਆਰ.ਏ.ਐਫ. ਅਤੇ 2 ਬੀ.ਐਸ.ਐਫ. ਦੀਆਂ ਕੰਪਨੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਮਧੂਬਨ ਤੋਂ 40 ਕਮਾਂਡੋ ਦਾ ਸਵਾਟ ਦਸਤਾ ਵੀ ਪਹੁੰਚ ਚੁੱਕਾ ਹੈ। ਇਸ ਦੇ ਇਲਾਵਾ 1 ਬੰਬ ਨਿਰੋਧਕ ਦਸਤਾ ਅਤੇ 4 ਡੌਗ ਸਕਵਾਇਡ ਵੀ ਸਿਰਸਾ ਪਹੁੰਚ ਚੁੱਕੇ ਹਨ।
ਜਾਣਕਾਰੀ ਦੇ ਅਨੁਸਾਰ ਜਿਸ ਸਮੇਂ ਡੇਰੇ ‘ਚ ਸਰਚ ਆਪਰੇਸ਼ਨ ਚਲੇਗਾ ਉਸ ਸਮੇਂ ਇਕ ਵਿਸ਼ੇਸ਼ ਹੈਲੀਕਾਪਟਰ ‘ਚ ਬੈਠੇ ਕਮਾਂਡੋ ਦੇ ਜਵਾਨਾਂ ਦੀ ਨਜ਼ਰ ਡੇਰੇ ਦੇ ਉੱਪਰੋਂ ਦੀ ਰਹੇਗੀ। ਇੰਨਾ ਤੋਂ ਇਲਾਵਾ ਸਰਚ ਆਪਰੇਸ਼ਨ ਦੇ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਫੋਰਸ ਦੇ ਨਾਲ 100 ਬੈਂਕ ਅਧਿਕਾਰੀ, 22 ਲੋਹਾਰ ਵੀ ਨਾਲ ਹੋਣਗੇ। ਇਸ ਨਾਲ ਡੇਰੇ ‘ਚੋਂ ਮਿਲਣ ਵਾਲੇ ਬੈਂਕਾਂ ਨਾਲ ਸੰਬੰਧਤ ਦਸਤਾਵੇਜ਼ ਦੀ ਜਾਂਚ ਕਰਨ ਅਤੇ ਡੇਰਾ ਕੰਪਲੈਕਸ ‘ਚ ਕਿਸੇ ਵੀ ਇਮਾਰਤ ‘ਤੇ ਲੱਗੇ ਤਾਲੇ ਤੋੜਣਗੇ। ਡੇਰੇ ‘ਚ ਚਲਾਏ ਜਾਣ ਵਾਲੇ ਸਰਚ ਆਪਰੇਸ਼ਨ ਦੇ ਮੱਦੇਨਜ਼ਰ ਸਰਕਾਰ ਦੇ ਨਿਰਦੇਸ਼ਾਂ ‘ਤੇ 5 ਆਈ.ਪੀ.ਐਸ. ਅਧਿਕਾਰੀਆਂ ਨੂੰ ਵੀ ਸਿਰਸਾ ਭੇਜਿਆ ਹੈ।

Be the first to comment

Leave a Reply