ਢਾਬੇ ‘ਚ ਲੱਗੀ ਅੱਗ, ਸਕੂਲ ‘ਚ ਹਫੜਾ-ਦਫੜੀ ਮਚ ਗਈ

ਜਲੰਧਰ :- ਮੰਗਲਵਾਰ ਸਵੇਰੇ ਲੱਗਭਗ 9 ਵਜੇ ਸਿਟੀ ਰੇਲਵੇ ਸਟੇਸ਼ਨ ਸਾਹਮਣੇ ਮੰਡੀ ਫੈਂਟਨਗੰਜ ਸਕੂਲ ਦੀ ਬਿਲਡਿੰਗ ‘ਚ ਸਥਿਤ ਕ੍ਰਿਸ਼ਨਾ ਵੈਸ਼ਨੋ ਢਾਬੇ ‘ਚ ਅੱਗ ਲੱਗ ਗਈ, ਜਿਸ ਕਾਰਨ ਬਾਜ਼ਾਰ ਤੇ ਮੰਡੀ ਫੈਂਟਨਗੰਜ ਸਕੂਲ ‘ਚ ਹਫੜਾ-ਦਫੜੀ ਮਚ ਗਈ। ਅੱਗ ਦੀਆਂ ਲਪਟਾਂ ਤੇ ਧੂੰਆਂ ਦੇਖ ਕੇ ਬੱਚਿਆਂ ਦੀ ਜਾਨ ‘ਤੇ ਬਣ ਆਈ ਅਤੇ ਬੱਚੇ ਚੀਕਾਂ ਮਾਰਨ ਲੱਗੇ। ਤੁਰੰਤ ਹੌਸਲਾ ਕਰਕੇ ਸਕੂਲ ਪ੍ਰਬੰਧਕਾਂ ਨੇ ਬੱਚਿਆਂ ਨੂੰ ਉਥੋਂ ਕੱਢ ਕੇ ਸੁਰੱਖਿਅਤ ਗਰਾਊਂਡ ਤੱਕ ਪਹੁੰਚਾਇਆ। ਜੇ ਸਮਾਂ ਰਹਿੰਦਿਆਂ ਅੱਗ ‘ਤੇ ਕਾਬੂ ਨਾ ਪਾਇਆ ਜਾਂਦਾ ਤਾਂ ਸਕੂਲ ‘ਚ ਮੌਜੂਦ ਤਕਰੀਬਨ 250 ਮਾਸੂਮ ਬੱਚਿਆਂ ਦੀ ਜਾਨ ਆਫਤ ‘ਚ ਫਸ ਸਕਦੀ ਸੀ।
ਜਾਣਕਾਰੀ ਮੁਤਾਬਕ ਮੰਡੀ ਫੈਂਟਨਗੰਜ ਸਕੂਲ ਦੀ ਬਿਲਡਿੰਗ ‘ਚ ਸਥਿਤ ਕ੍ਰਿਸ਼ਨਾ ਵੈਸ਼ਨੋ ਢਾਬੇ ‘ਚ ਕਰਮਚਾਰੀ ਸਾਮਾਨ ਤਿਆਰ ਕਰ ਰਹੇ ਸਨ ਕਿ ਅਚਾਨਕ ਸ਼ਾਰਟ-ਸਰਕਟ  ਹੋਣ ਕਾਰਨ ਉਥੇ ਸਪਾਰਕਿੰਗ ਹੋਣ ਲੱਗੀ। ਕਰਮਚਾਰੀ ਬਾਹਰ ਵੱਲ ਭੱਜਿਆ ਤਾਂ ਉਸ ਦਾ ਪੈਰ ਸਿਲੰਡਰ ਦੀ ਪਾਈਪ ‘ਚ ਫਸ ਗਿਆ। ਇਸ ਕਾਰਨ ਗੈਸ ਲੀਕ ਹੋਣ ਲੱਗੀ। ਦੇਖਦਿਆਂ ਹੀ ਦੇਖਦਿਆਂ ਸਿਲੰਡਰ ਨੂੰ ਵੀ ਅੱਗ ਲੱਗ ਗਈ। ਦੁਕਾਨਦਾਰਾਂ ਨੇ ਤੁਰੰਤ ਬਾਜ਼ਾਰ ਦੀ ਬਿਜਲੀ ਬੰਦ ਕਰਵਾ ਦਿੱਤੀ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।

Be the first to comment

Leave a Reply