ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਬਿਹਾਰ ਦੀ ਪ੍ਰਬੰਧਕ ਕਮੇਟੀ ਦੀ ਇੱਕ ਵਿਸ਼ੇਸ਼ ਇਕੱਤਰਤਾ ਜੱਥੇਦਾਰ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ

ਪਟਨਾ ਸਾਹਿਬ- ਅਰੰਭਤਾ ਦੀ ਅਰਦਾਸ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੱਥੇਦਾਰ ਤਖਤ ਸ੍ਰੀ ਪਟਨਾ ਸਾਹਿਬ ਵੱਲੋਂ ਅਰਦਾਸ ਕਰਨ ਉਪਰੰਤ ਹੋਈ। ਇਸ ਮੀਟਿੰਗ ਵਿੱਚ ਜੱਥੇਦਾਰ ਅਵਤਾਰ ਸਿੰਘ ਤੋਂ ਇਲਾਵਾ ਸ. ਸੈਲਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਬੀਬੀ ਕੰਵਲਜੀਤ ਕੌਰ ਜੂਨੀਅਰ ਵਾਈਸ ਪ੍ਰਧਾਨ, ਸ. ਗੁਰਜਿੰਦਰ ਸਿੰਘ ਜਨਰਲ ਸਕੱਤਰ, ਸ. ਮਹਿੰਦਰ ਸਿੰਘ ਛਾਬੜਾ ਸਕੱਤਰ, ਸ. ਗੁਰਮੀਤ ਸਿੰਘ ਮੈਂਬਰ, ਸ. ਗੁਰਿੰਦਰਪਾਲ ਸਿੰਘ, ਸ. ਰਨਜੀਤ ਸਿੰਘ ਜੀਤ, ਮੈਂਬਰ, ਸ. ਪ੍ਰਿਤਪਾਲ ਸਿੰਘ ਮੈਂਬਰ ਸ਼ਾਮਿਲ ਹੋਏ। ਮੀਟਿੰਗ ਵਿੱਚ ਬਹੁਸੰਮਤੀ ਨਾਲ ਸ. ਸਰਨਾ ਵੱਲੋਂ ਲਏ ਗਏ ਫੈਸਲਿਆਂ ਨੂੰ ਮੁੱਢੋਂ ਰੱਦ ਕਰਦਿਆਂ ਉਨ੍ਹਾਂ ਵੱਲੋਂ ਅਖੌਤੀ ਤੌਰ ’ਤੇ ਬਣਾਈਆਂ ਕਮੇਟੀਆਂ ਭੰਗ ਕਰ ਦਿੱਤੀਆਂ ਗਈਆਂ ਹਨ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਪੂਰੀ ਸ਼ਾਨੋ-ਸ਼ੌਕਤ ਤੇ ਸ਼ਰਧਾ ਭਾਵਨਾ ਨਾਲ ਮਨਾਉਣ ਲਈ ਚਾਰ ਕਰੋੜ 50 ਲੱਖ ਰੁਪਏ ਪਾਸ ਕੀਤੇ ਗਏ ਹਨ। ਜੱਥੇਦਾਰ ਅਵਤਾਰ ਸਿੰਘ ਮੱਕੜ ਨੇ ਦੱਸਿਆ ਹੈ ਕਿ ਇਹ ਪੁਰਬ ਪੂਰੇ ਖਾਲਸਾਈ ਜਾਹੋ-ਜਲਾਲ ਤੇ ਸ਼ਰਧਾ ਭਾਵਨਾ ਨਾਲ ਬਿਹਾਰ ਦੀ ਸਰਕਾਰ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੰਗਰਾਂ ਦੀ ਸੇਵਾ ਵੱਖ-ਵੱਖ ਸੰਤ ਮਹਾਪੁਰਸ਼ ਨਿਭਾਅ ਰਹੇ ਹਨ, ਬਾਬਾ ਮਹਿੰਦਰ ਸਿੰਘ ਇੰਗਲੈਂਡ ਵਾਲੇ, ਬਾਬਾ ਨਿਰਮਲ ਸਿੰਘ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਆਦਿ। ਉਨ੍ਹਾਂ ਕਿਹਾ ਕਿ ਗੁਰਪੂਰਬ ਨੂੰ ਸਮਰਪਿਤ 12 ਤੋਂ 22 ਦਸੰਬਰ ਤੱਕ ਪ੍ਰਭਾਤ ਫੇਰੀਆਂ ਹੋਣਗੀਆਂ, 22 ਦਸੰਬਰ ਨੂੰ ਗੁਰਬਾਣੀ ਕੀਰਤਨ ਦਰਬਾਰ, 23 ਦਸੰਬਰ ਨੂੰ ਤਖ਼ਤ ਸਾਹਿਬ ਤੇ ਕੀਰਤਨ ਸਮਾਗਮ ਹੋਵੇਗਾ ਅਤੇ ਰਾਤ ਦੀਵਾਨ ਹਾਲ ਵਿਖੇ ਕਵੀ ਦਰਬਾਰ ਹੋਵੇਗਾ। 24 ਦਸੰਬਰ ਨੂੰ ਸਵੇਰੇ ਨਗਰ ਕੀਰਤਨ ਅਰੰਭ ਹੋਵੇਗਾ। 25 ਦਸੰਬਰ ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਹੋਣਗੇ। ਇਸ ਦਿਨ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ, ਗਵਰਨਰ ਬਿਹਾਰ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਮੁਖੀ, ਧਾਰਮਿਕ ਸ਼ਖਸੀਅਤਾਂ, ਨਿਹੰਗ ਸਿੰਘ ਦਲਾਂ ਦੇ ਮੁਖੀ ਸ਼ਾਮਿਲ ਹੋਣਗੇ।

Be the first to comment

Leave a Reply