“ਤਾਜ ਮਹਿਲ ਨੂੰ ਬੰਦ ਕਰ ਦੇਵੋ, ਇਸ ਨੂੰ ਢਾਹ ਦਿਓ ਜਾਂ ਇਸ ਨੂੰ ਮੁੜ ਬਹਾਲ ਕਰ ਲਉ,”

ਨਵੀਂ ਦਿੱਲੀ, 11 ਜੁਲਾਈ – ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਤਾਜ ਮਹਿਲ ਦੀ ਸੁਰੱਖਿਆ ਕਰਨਾ ਇਕ ਨਮੋਸ਼ੀ ਦਾ ਕਾਰਨ ਬਣ ਗਈ ਹੈ। ਤਾਜ ਮਹਿਲ ਨੂੰ ਪ੍ਰਦੂਸ਼ਣ ਤੋਂ ਕਿਵੇਂ ਬਚਾਉਣਾ ਹੈ, 31 ਜੁਲਾਈ ਤੋਂ ਇਸ ਬਾਰੇ ਰੋਜ਼ਾਨਾ ਸੁਣਵਾਈ ਹੋਇਆ ਕਰੇਗੀ। ਅਦਾਲਤ ਨੇ ਵਾਤਾਵਰਨ ਤੇ ਜੰਗਲਾਤ ਮੰਤਰਾਲੇ ਨੂੰ ਫਿਟਕਾਰ ਲਗਾਉਂਦੇ ਹੋਏ ਕਿਹਾ ਕਿ, “ਤਾਜ ਮਹਿਲ ਨੂੰ ਬੰਦ ਕਰ ਦੇਵੋ, ਇਸ ਨੂੰ ਢਾਹ ਦਿਓ ਜਾਂ ਇਸ ਨੂੰ ਮੁੜ ਬਹਾਲ ਕਰ ਲਉ,” ਅਦਾਲਤ ਨੇ ਆਗਰਾ ਵਿਚ ਤਾਜ ਮਹਿਲ ਅਤੇ ਆਲੇ ਦੁਆਲੇ ਪ੍ਰਦੂਸ਼ਣ ਦੇ ਸਰੋਤ ਲੱਭਣ ਅਤੇ ਇਸ ਨੂੰ ਰੋਕਣ ਲਈ ਸੁਝਾਅ ਦੇਣ ਲਈ ਇਕ ਵਿਸ਼ੇਸ਼ ਕਮੇਟੀ ਬਣਾਉਣ ਦੀ ਆਦੇਸ਼ ਦਿੱਤੀ। ਸੁਪਰੀਮ ਕੋਰਟ ਨੇ ਅਜੂਬੇ ਦੀ ਸੁਰੱਖਿਆ ਵਿਚ ਨਾਕਾਮ ਰਹਿਣ ਵਾਲੀ ਉੱਤਰ ਪ੍ਰਦੇਸ਼ ਸਰਕਾਰ ਦੀ ਖਿਚਾਈ ਕਰਦਿਆਂ ਕਿਹਾ ਕਿ ਇਕ ਸੰਸਦੀ ਸਥਾਈ ਕਮੇਟੀ ਦੀ ਰਿਪੋਰਟ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ।
ਆਗਰਾ ਇਕ ਸਨਅਤੀ ਖੇਤਰ ਵਿਚਕਾਰ ਸਥਿਤ ਹੈ ਅਤੇ ਪਿਛਲੇ 30 ਸਾਲਾਂ ‘ਚ ਸ਼ਹਿਰ ‘ਚ ਹਵਾ ਪ੍ਰਦੂਸ਼ਣ ਦੇ ਪੱਧਰ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਦੁਆਰਾ ਮਈ 2018 ਵਿੱਚ ਜਾਰੀ ਕੀਤੇ ਇੱਕ ਹਵਾ ਪ੍ਰਦੂਸ਼ਣ ਡਾਟਾਬੇਸ ਨੇ ਦਿਖਾਇਆ ਹੈ ਕਿ ਆਗਰਾ ਸਭ ਤੋਂ ਭਿਆਨਕ ਹਵਾ ਵਾਲੇ ਸ਼ਹਿਰਾਂ ਦੀ ਸੂਚੀ ਵਿੱਚ ਅੱਠਵੇਂ ਸਥਾਨ ‘ਤੇ ਹੈ। ਜੋ ਕਿ ਦੁਨੀਆ ਦੇ 7 ਅਜੂਬਿਆਂ ‘ਚੋਂ ਇਕ ਭਾਰਤ ਦੀ ਸ਼ਾਨ ਤਾਜ ਮਹਿਲ ਲਈ ਬਹੁਤ ਹੀ ਘਾਤਕ ਸਿੱਧ ਹੋ ਰਿਹਾ ਹੈ ।