ਥਾਈਲੈਂਡ ਦੀ ਗੁਫ਼ਾ ਵਿੱਚ ਇੰਟਰਨੈੱਟ ਲਗਾਉਣ ਲਈ ਕੰਮ ਕਰ ਰਹੇ ਨੇ ਬਚਾਅ ਕਰਮੀ

ਥਾਈਲੈਂਡ – ਥਾਈਲੈਂਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦਾ ਬਚਾਅ ਦਲ ਹੜ੍ਹ ਪ੍ਰਭਾਵਿਤ ਗੁਫਾ ਵਿੱਚ ਇੰਟਰਨੈੱਟ ਕੇਬਲ ਲਗਾਉਣ ਦੀਆਂ ਕੋਸ਼ਿਸ਼ਾਂ ਵਿੱਚ ਜੁਟਿਆ ਹੋਇਆ ਹੈ ਤਾਂ ਜੋ ਮਾਤਾ ਪਿਤਾ ਉਥੇ ਫਸੇ ਬੱਚਿਆਂ ਨਾਲ ਗੱਲ ਕਰ ਸਕਣ। ਡਿਪਾਰਟਮੈਂਟ ਆਫ਼ ਡਿਜ਼ਾਜਸਟਰ ਪਿ੍ਵੈਨਸ਼ਨ ਐਂਡ ਮਿਟੀਗੇਸ਼ਨ ਦੇ ਡਿਪਟੀ ਡਾਇਰੈਕਟਰ ਕੋਬਚਈ ਬੂਨੋਰਨਾ ਨੇ ਵੀ ਅੱਜ ਕਿਹਾ ਕਿ ਬਚਾਅ ਕਰਮੀ ਗੁਫ਼ਾ ਦੇ ਨੇੜਲੇ ਖੂਹਾਂ ’ਚੋਂ ਪਾਣੀ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਗੁਫਾ ’ਚ ਪਾਣੀ ਘੱਟ ਕਰਕੇ ਫੁਟਬਾਲ ਟੀਮ ਦੇ 12 ਖਿਡਾਰੀਆਂ ਅਤੇ ਕੋਚ ਨੂੰ ਕੱਢਿਆ ਜਾ ਸਕੇ। ਉਨ੍ਹਾਂ ਕਿਹਾ, ਲਗਾਤਾਰ ਪਾਣੀ ਕੱਢਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਚਿਆਂਗ ਰਾਏ ਪ੍ਰਾਂਤ ਦੇ ਗਵਰਨਰ ਨਾਰੋਗਸਕ ਓਸਾਤਾਨਾਕੋਰਨ ਨੇ ਕਿਹਾ ਕਿ ਸਾਰੇ ਮੁੰਡਿਆਂ ਨੂੰ ਇਕ ਵਾਰ ਵਿੱਚ ਇਕੱਠਿਆਂ ਬਾਹਰ ਨਹੀਂ ਕੱਢਿਆ ਜਾ ਸਕਦਾ। ਹੜ੍ਹ ਪ੍ਰਭਾਵਿਤ ਗੁਫ਼ਾ ਵਿੱਚ ਫਸੀ ਫੁਟਬਾਲ ਟੀਮ ਦੇ ਬਚਾਅ ਮੁਹਿੰਮ ਦੀ ਨਿਗਰਾਨੀ ਕਰ ਰਹੇ ਥਾਈ ਅਧਿਕਾਰੀ ਨੇ ਕਿਹਾ, ਸਾਰੇ 13 ਜਣਿਆਂ ਨੂੰ ਇਕੱਠਿਆਂ ਬਾਹਰ ਨਹੀਂ ਕੱਢਿਆ ਜਾ ਸਕਦਾ। ਜੇ ਉਨ੍ਹਾਂ ਦੀ ਸਿਹਤ ਠੀਕ ਅਤੇ ਉਹ 100 ਫੀਸਦੀ ਤਿਆਰ ਹਨ ਤਾਂ ਹੀ ਬਾਹਰ ਕੱਢਿਆ ਜਾ ਸਕਦਾ ਹੈ। ਵਰਨਣਯੋਗ ਹੈ ਕਿ 11 ਤੋਂ 16 ਸਾਲ ਦੀ ਉਮਰ ਦੇ ਇਹ ਖਿਡਾਰੀ ਅਤੇ ਉਨ੍ਹਾਂ ਦਾ 25 ਸਾਲਾ ਕੋਚ 23 ਜੂਨ ਨੂੰ ਫੁਟਬਾਲ ਮੈਚ ਤੋਂ ਬਾਅਦ ਉੱਤਰੀ ਚਿਆਂਗ ਰਾਏ ਪ੍ਰਾਂਤ ਵਿੱਚ ਥਾਮ ਲੁਆਂਗ ਨਾਂਗ ਨੋਨ ਗੁਫ਼ਾ ਦੇਖਣ ਨਿਕਲੇ ਸੀ ਅਤੇ ਇਸ ਤੋਂ ਬਾਅਦ ਉਹ ਲਾਪਤਾ ਹੋ ਗਏ ਸੀ। ਭਾਰੀ ਮੀਂਹ ਕਾਰਨ ਗੁਫ਼ਾ ਵਿੱਚ ਪਾਣੀ ਭਰ ਗਿਆ ਸੀ ਜਿਸ ਕਾਰਨ ਉਹ ਉਥੇ ਫ਼ਸ ਗਏ। ਇਕ ਬਰਤਾਨਵੀ ਗੋਤਾਖੋਰ ਨੇ ਸੋਮਵਾਰ ਰਾਤ ਨੂੰ ਉਨ੍ਹਾਂ ਨੂੰ ਲੱਭ ਲਿਆ ਸੀ।