ਥਾਈਲੈਂਡ ਦੀ ਗੁਫਾ ‘ਚ ਫਸੇ 12 ਬੱਚੇ ਤੇ ਕੋਚ ਨੂੰ ਸਹੀ ਸਲਾਮਤ ਕੱਢਿਆ ਬਾਹਰ

ਥਾਈਲੈਂਡ – ਥਾਈਲੈਂਡ ਦੀ ਗੁਫਾ ‘ਚ ਫਸੀ ਫੁਟਬਾਲ ਟੀਮ ਦੇ 12 ਬੱਚਿਆਂ ਅਤੇ ਉਨ੍ਹਾਂ ਦੇ ਕੋਚ ਨੂੰ ਸੁਰੱਖਿਅਤ ਗੁਫਾ ‘ਚੋਂ ਬਾਹਰ ਕੱਢ ਲਿਆ ਗਿਆ ਹੈ। ਤਕਰੀਬਨ 2 ਹਫਤਿਆਂ ਤੋਂ ਇਹ ਫੁਟਬਾਲ ਟੀਮ ਗੁਫਾ ਦੇ ਅੰਦਰ ਫਸੀ ਹੋਈ ਸੀ ਅਤੇ ਲਗਾਤਾਰ ਬਚਾਅ ਕਾਰਜ ਚਲਾਏ ਜਾਣ ਤੋਂ ਬਾਅਦ ਇਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਹਾਲਾਂਕਿ ਬੀਤੇ ਹਫਤੇ ਇਕ ਗੋਤਾਖੋਰ ਦੀ ਇਸ ਦੌੌਰਾਨ ਮੌਤ ਵੀ ਹੋ ਗਈ ਸੀ। ਬੀਤੇ ਐਤਵਾਰ ਤੇ ਸੋਮਵਾਰ ਨੂੰ 8 ਬੱਚਿਆਂ ਨੂੰ ਕੱਢ ਲਿਆ ਗਿਆ ਸੀ ਜਦਕਿ ਬਾਕੀ ਰਹਿੰਦੇ ਬੱਚਿਆਂ ਤੇ ਕੋਚ ਨੂੰ ਸਫਲਤਾਪੂਰਵਕ ਅੱਜ ਬਾਹਰ ਲਿਆਂਦਾ ਗਿਆ। ਮਿਲੀ ਜਾਣਕਾਰੀ ਅਨੁਸਾਰ ਸਾਰੇ ਬੱਚੇ ਤੰਦਰੁਸਤ ਹਨ। ਥਾਈਲੈਂਡ ਦੇ ਤਮਾਮ ਲੋਕਾਂ ਵੱਲੋਂ ਨੇਵੀ ਸੀਲ ਦੇ ਇਸ ਰੈਸਕਿਊ ੳਪਰੇਸ਼ਨ ਲਈ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਬੱਚਿਆਂ ਦੇ ਸਹੀ ਸਲਾਮਤ ਬਾਹਰ ਆਉਣ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਫਿਲਹਾਲ ਬੱਚਿਆਂ ਨੂੰ ਕਿਸੇ ਇਨਫੈਕਸ਼ਨ ਦੇ ਡਰ ਤੋਂ ਉਨ੍ਹਾਂ ਦੇ ਮਾਪਿਆਂ ਨੂੰ ਨਹੀਂ ਸੌਂਪਿਆ ਗਿਆ। ਬੱਚਿਆਂ ਦੇ ਲੈਬ ਟੈਸਟ ਕੀਤੇ ਜਾ ਰਹੇ ਹਨ।