ਦਲਾਲਾਂ ਖ਼ਿਲਾਫ਼ ਲੜਾਈ ਹੈ ਡਿਜੀਟਲ ਇੰਡੀਆ – ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਮੁਹਿੰਮ ਡਿਜੀਟਲ ਇੰਡੀਆ ਦਲਾਲਾਂ ਤੇ ਵਿਚੋਲਿਆਂ ਖ਼ਿਲਾਫ਼ ਇਕ ਲੜਾਈ ਹੈ ਜਿਸ ਨਾਲ ਕਾਲੇ ਧਨ ਤੇ ਕਾਲਾ ਬਾਜ਼ਾਰੀ ਨੂੰ ਰੋਕਣ ਤੋਂ ਇਲਾਵਾ ਛੋਟੇ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਸਹਾਇਤਾ ਮਿਲੀ ਹੈ। ਡਿਜੀਟਲ ਇੰਡੀਆ ਦੇ ਲਾਭਪਾਤਰੀਆਂ ਨਾਲ ਗੱਲਬਾਤ ਦੌਰਾਨ ਸ੍ਰੀ ਮੋਦੀ ਨੇ ਹਰੇਕ ਨੂੰ ਡਿਜੀਟਲ ਅਦਾਇਗੀ ਅਪਨਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਡਿਜੀਟਲ ਇੰਡੀਆ ਨੂੰ ਅੱਗੇ ਲੈ ਕੇ ਜਾਣਾ ਹੈ। ਉਨ੍ਹਾਂ ਕਿਹਾ ਕਿ ਦਲਾਲ ਤੇ ਵਿਚੋਲੇ ਡਿਜੀਟਲ ਇੰਡੀਆ ਤੋਂ ਨਿਰਾਸ਼ ਹਨ। ਡਿਜੀਟਲ ਇੰਡੀਆ ਰਾਹੀਂ ਅਸੀਂ ਆਪਣੇ ਹੱਕਾਂ ਲਈ ਆਸਾਨੀ ਨਾਲ ਲੜ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਪਹਿਲੀ ਵਾਰ ਦੇਸ਼ ਵਿੱਚ ਡਿਜੀਟਲ ਅਦਾਇਗੀਆਂ ਦੀ ਗੱਲ ਕੀਤੀ ਤਾਂ ਲੋਕਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ ਪਰ ਅੱਜ ਲਾਭਪਾਤਰੀਆਂ ਵੱਲੋਂ ਖ਼ੁਦ ਦੱਸਿਆ ਜਾਣਾ ਕਿ ਕਿਵੇਂ ਸੇਵਾਵਾਂ ਸਿੱਧੇ ਲੋਕਾਂ ਤੱਕ ਪਹੁੰਚ ਰਹੀਆਂ ਹਨ, ਮਜ਼ਾਕ ਉਡਾਉਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਹੈ। ਉਨ੍ਹਾਂ ਕਿਹਾ ਕਿ ਵਿਚੋਲੇ ਹੁਣ ਇਹ ਅਫ਼ਵਾਹਾਂ ਫੈਲਾ ਰਹੇ ਹਨ ਕਿ ਡਿਜੀਟਲ ਲੈਣ-ਦੇਣ ਸੁਰੱਖਿਅਤ ਨਹੀਂ ਹੈ। ਇਸ ਪਿੱਛੇ ਉਹ ਲੋਕ ਹਨ ਜਿਨ੍ਹਾਂ ਦੀ ਕਮਿਸ਼ਨਖੋਰੀ ਡਿਜੀਟਲ ਇੰਡੀਆ ਕਾਰਨ ਬੰਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਡਿਜੀਟਲ ਅਦਾਇਗੀ ਲਈ ਬਣਾਏ ਗਏ ਐਪਲੀਕੇਸ਼ਨ ‘ਭੀਮ’ ਰਾਹੀਂ 2017-18 ਵਿੱਚ 10983 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਹੈ। ਉਨ੍ਹਾਂ ਲਾਭਪਾਤਰੀਆਂ ਨੂੰ ਕਾਰੋਬਾਰੀਆਂ ਤੇ ਦੁਕਾਨਦਾਰਾਂ ’ਤੇ ਭੀਮ ‘ਐਪ’ ਰਾਹੀਂ ਲੈਣ-ਦੇਣ ਕਰਨ ਲਈ ਜ਼ੋਰ ਪਾਉਣ ਨੂੰ ਕਿਹਾ।