ਦਿਲਜੀਤ ਦੁਸਾਂਝ ਦੇ ਡਰੀਮ ਟੂਅਰ ਦਾ ਆਖਰੀ ਸ਼ੋਅ ਆਯੋਜਿਤ

ਬਰੈਂਪਟਨ – ਬੀਤੇ ਸ਼ਨਿੱਚਰਵਾਰ ਟੀਮ ਫੌਰ ਐਂਟਰਟੇਨਮੈਂਟ ਵਲੋਂ ਆਯੋਜਿਤ ਦਿਲਜੀਤ ਦੁਸਾਂਝ ਦੇ ਡਰੀਮ ਟੂਅਰ ਦਾ ਆਖਰੀ ਸ਼ੋਅ ਆਯੋਜਿਤ ਕੀਤਾ ਗਿਆ। ਇਸ ਸ਼ੋਅ ਨੇ ਗ੍ਰੇਟਰ ਟੋਰਾਂਟੋ ਏਰੀਆ ਵਿਚ ਹੁਣ ਤੱਕ ਦੇ ਹੋਏ ਸਾਰੇ ਪੰਜਾਬੀ ਸ਼ੋਅਜ਼ ਨੂੰ ਮਾਤ ਦੇ ਕੇ ਬਰੈਂਪਟਨ ਦੇ ਪਾਵਰੇਡ ਸੈਂਟਰ ਵਿਚ ਇਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ।
ਦੂਰੋਂ ਨੇੜਿਓਂ ਆਏ ਦਰਸ਼ਕਾਂ ਨੇ ਦਿਲਜੀਤ ਦੇ ਇਸ ਪ੍ਰੋਗਰਾਮ ਦਾ ਜਿੱਥੇ ਰੱਜ ਕੇ ਆਨੰਦ ਮਾਣਿਆ ਉਥੇ ਹੀ ਪੂਰੀ ਤਰ੍ਹਾਂ ਖਚਾਖਚ ਭਰੇ ਵੀਆਈਪੀ ਏਰੀਆ ਦੇ ਦਰਸ਼ਕ ਵੀ ਆਪਣੇ ਆਪ ਨੂੰ ਦਿਲਜੀਤ ਦੇ ਗਾਣਿਆਂ ਉੱਤੇ ਨੱਚਣ ਤੋਂ ਰੋਕ ਨਹੀਂ ਸਕੇ। ਇਸ ਸ਼ੋਅ ਵਿਚ ਦਿਲਜੀਤ ਨੇ ਆਪਣੇ ਮਸ਼ਹੂਰ ਗੀਤ ਡੂ ਯੂ ਨੋ, ਵੀਰਵਾਰ ਦਿਨ ਨਹੀਂ ਪਰਹੇਜ਼ ਕਰਦਾ, ਇਕ ਕੁੜੀ, ਲੈਂਬੜਗਿਨੀ, ਮੂਹਰੇ ਜੱਟ ਖਾੜਕੂ ਖੜ੍ਹਾ ਅਤੇ ਹੋਰ ਨਵੇਂ ਆਉਣ ਵਾਲੇ ਗੀਤ ਸੁਣਾ ਕੇ ਆਪਣੇ ਚਹੇਤਿਆਂ ਦਾ ਮਨ ਇੱਕ ਵਾਰੀ ਮੁੜ ਮੋਹ ਲਿਆ।
ਕੈਨੇਡਾ ਵਿਚ ਦਿਲਜੀਤ ਦੁਸਾਂਝ ਨੇ ਆਪਣਾ ਸਫ਼ਰ ਵੰਡਰਲੈਡ ਤੋਂ ਸ਼ੁਰੂ ਕੀਤਾ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਟੋਰਾਂਟੋ ਦੀ ਧਰਤੀ `ਤੇ ਕਈ ਸੋ਼ਅ ਕਰ ਚੁੱਕੇ ਹਨ। ਜਿੰਨੀ ਵਾਰ ਵੀ ਆਏ ਉਹ ਇਕ ਨਵਾਂ ਰਿਕਾਰਡ ਸਥਾਪਿਤ ਕਰਕੇ ਗਏ ਹਨ। ਇਸ ਤੋਂ ਪਹਿਲਾਂ ਇਹ ਮਸ਼ਹੂਰ ਸੀ ਕਿ ਜਦੋਂ ਗੁਰਦਾਸ ਮਾਨ ਜੀ ਇਸ ਸਪੋਰਟਸ ਸੈਂਟਰ ਵਿਚ ਆਪਣਾ ਸ਼ੋਅ ਕਰਦੇ ਸਨ ਤਾਂ ਇਹ ਇਲਾਕਾ ਖਚਾਖਚ ਭਰਿਆ ਹੁੰਦਾ ਸੀ, ਪਰ ਇਸ ਸਪੋਰਟਸ ਸੈਂਟਰ ਦੀ ਮੈਨੇਜਰ ਕੈਥੀ ਦੇ ਮੁਤਾਬਿਕ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਬਰੈਪਟਨ ਪਾਵਰੇਡ ਸੈਂਟਰ ਦੇ ਅੰਦਰ ਹੋਏ ਕੰਸਰਟ (ਕਿਸੇ ਵੀ ਕੰਸਰਟ ਭਾਵੇਂ ਅੰਗਰੇਜ਼ੀ ਜਾਂ ਕੋਈ ਹੋਰ ਜੁਬਾਨ ਦਾ ਹੋਵੇ) ਵਿਚ ਇੰਨਾ ਭਾਰੀ ਇਕੱਠ ਹੋਇਆ ਹੋਵੇਗਾ।
ਸ਼ਾਮ ਸਾਢੇ ਕੁ 8 ਵਜੇ ਇਸ ਸ਼ੋਅ ਦੀ ਸ਼ੁਰੂਆਤ ਹੋਈ ਅਤੇ ਰਾਤ ਸਾਢੇ 11 ਵਜੇ ਤੱਕ ਇਹ ਸ਼ੋਅ ਚੱਲਦਾ ਰਿਹਾ। ਦਿਲਜੀਤ ਦੁਸਾਂਝ ਨੇ ਗੁਰਦਾਸ ਮਾਨ ਵਲੋਂ ਗਾਏ ਮਸ਼ਹੂਰ ਗੀਤ ”ਕੀ ਬਣੂ ਦੁਨੀਆਂ ਦਾ” ਗਾਣੇ ਤੋਂ ਇਸ ਸੰਗੀਤਮਈ ਸ਼ਾਮ ਦੀ ਸ਼ੁਰੂਆਤ ਕੀਤੀ ਤੇ ਅੰਤ ਵਿਚ ਸੁਰਜੀਤ ਬਿੰਦਰਖੀਏ ਦੇ ਗੀਤਾਂ ਦੇ ਬੋਲ ਆਏ ਸਰੋਤਿਆਂ ਨਾਲ ਸਾਂਝੇ ਕਰਦਿਆਂ ਪ੍ਰੋਗਰਾਮ ਸਮਾਪਤ ਕੀਤਾ।
ਪੰਜਾਬੀ ਸ਼ੋਅ ਇੰਡਸਟਰੀ ਵਿਚ ਇਹ ਵੀ ਪਹਿਲੀ ਵਾਰ ਹੋਇਆ ਕਿ ਕਿਸੇ ਪੰਜਾਬੀ ਗਾਇਕ ਦੇ ਸ਼ੋਅ ਦੀਆਂ ਟਿਕਟਾਂ ਆਨਲਾਈਨ ਇੰਨੀ ਤੇਜੀ ਨਾਲ ਤੇ ਇੰਨੀ ਵੱਡੀ ਤਾਦਾਤ ਵਿਚ ਵਿਕੀਆਂ ਹੋਣ। ਦਿਲਜੀਤ ਦੇ ਇਸ ਸ਼ੋਅ ਵਿਚ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਉਚੇੇਚੇ ਤੌਰ ਉਤੇ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਮੁੰਬਈ ਵਿਚ ਵੀ ਸੱਜਣ ਤੇ ਦਿਲਜੀਤ ਦੋਸਾਂਝ ਦੀ ਮੁਲਾਕਾਤ ਹੋ ਚੁੱਕੀ ਹੈ। ਰੱਖਿਆ ਮੰਤਰੀ ਨੇ ਇਸ ਸ਼ੋਅ ਦੇ ਪ੍ਰਮੁੱਖ ਸਪੋਂਸਰ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਨਵਾਜਿਆ। ਜਿਨ੍ਹਾਂ ਵਿਚ ਟਰਾਂਸ 99, ਫਰੈਂਡਜ਼ ਫਰਨੀਚਰ, ਕਮਲ ਹੀਰਾ ਅਤੇ ਕਿੰਗ ਟੋਇੰਗ ਪ੍ਰਮੁੱਖ ਸਪਾਂਸਰ ਹਨ। ਸੱਜਣ ਦੇ ਨਾਲ-ਨਾਲ ਐਮ ਪੀ ਕਮਲ ਖਹਿਰਾ, ਸੋਨੀਆ ਸਿੱਧੂ, ਰੂਬੀ ਸਹੋਤਾ, ਐਮ ਪੀ ਪੀ ਹਰਿੰਦਰ ਮੱਲ੍ਹੀ ਅਤੇ ਮੰਤਰੀ ਨਵਦੀਪ ਬੈਂਸ ਨੇ ਵੀ ਇਸ ਪ੍ਰੋਗਰਾਮ ਵਿੱਚ ਹਾਜਰੀ ਲਵਾਈ।
ਓਟਾਰੀਓ ਪ੍ਰ੍ਰੋਵਿੰਸ਼ੀਅਲ ਪੀ ਸੀ ਪਾਰਟੀ ਦੇ ਨੇਤਾ ਪੈਟ੍ਰਿਕ ਬ੍ਰਾਊਨ ਨੇ ਟੀਮ ਫੌਰ ਐਂਟਰਟੇਨਮੈਂਟ ਨੂੰ ਜੀਟੀਏ ਵੈਸਟ ਦੇ ਫੰਡ ਡਾਇਰੈਕਟਰ ਹਰਦੀਪ ਸਿੰਘ ਗ੍ਰੇਵਾਲ ਦੇ ਹੱਥ ਵਧਾਈ ਸੰਦੇਸ਼ ਭੇਜਿਆ, ਜਿਸ ਨੂੰ ਹਰਦੀਪ ਗ੍ਰੇਵਾਲ ਨੇ ਟੀਮ ਫੋਰ ਇੰਟਰਟੇਂਮੈਟ ਨੂੰ ਭੇਂਟ ਕੀਤਾ। ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋਂ ਦੇ ਨਾਲ-ਨਾਲ ਪੰਜਾਬੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਤੇ ਪਤਵੰਤੇ ਸੱਜਣ ਵੀ ਹਾਜ਼ਰ ਸਨ।
ਦਿਲਜੀਤ ਦੁਸਾਂਝ ਦੇ ਡਰੀਮ ਟੂਰ ਦੇ ਚਾਰ ਸੋ਼ਅਜ਼ ਸਨ ਪਹਿਲਾ ਵੈਨਕੂਵਰ, ਦੂਜਾ ਐਡਮੰਟਨ, ਤੀਜਾ ਵਿਨੀਪੈਗ ਵਿੱਚ ਤੇ ਚੌਥਾ ਅਤੇ ਆਖਰੀ ਬਰੈਂਪਟਨ ਵਿੱਚ ਕੀਤਾ ਗਿਆ। ਟੀਮ ਫੌਰ ਐਂਟਰਟੇਨਮੈਂਟ ਵਿੱਚ ਮੇਜਰ ਗਾਖਲ, ਸੋਢੀ ਨਾਗਰਾ, ਰਾਜਦੀਪ ਬੋਪਾਰਾਏ ਤੇ ਹਰਜਿੰਦਰ ਗਿੱਲ ਸ਼ਾਮਲ ਹਨ ਤੇ ਕੌਮਾਂਤਰੀ ਪ੍ਰਮੋਟਰ ਸੁੱਖ ਬਰਾੜ ਵੱਲੋਂ ਇਸ ਸ਼ੋਅ ਦਾ ਆਯੋਜਨ ਕੀਤਾ ਗਿਆ।
ਇਸ ਸ਼ੋਅ ਦੌਰਾਨ ਸਟਾਪ ਡਾਈਬਟੀਜ਼, ਮੈਚ ਫਾਰ ਬੋਨ ਮੈਰੋ, ਪਹਿਲ ਜੋ ਕਿ ਜਲੰਧਰ ਤੋ ਐਨ ਜੀ ਓ ਹੈ ਦੇ ਨਾਲ-ਨਾਲ ਹੋਰ ਕਈ ਅਹਿਮ ਸਟਾਲ ਵੀ ਲਗਾਏ ਗਏ ਅਤੇ ਇੰਡੀਅਨ ਫੂਡ ਲੈਂਡ ਵਲੋਂ ਲਗਾਏ ਗਏ ਸੁਆਦੀ ਖਾਣੇ ਦਾ ਵੀ ਆਨੰਦ ਆਏ ਹੋਏ ਦਰਸ਼ਕਾਂ ਨੇ ਮਾਣਿਆ। ਟੀ ਟੀਮ ਫੌਰ ਐਂਟਰਟੇਨਮੈਂਟ ਵਲੋਂ ਪਹਿਲਾਂ ਕਮਲ ਸ਼ਰਮਾ, ਵਾਰਿਸ ਭਰਾਵਾਂ ਦਾ ਸ਼ੋਅ ਅਤੇ ਹੋਰ ਵੱਖ ਵੱਖ ਸ਼ੋਅਜ਼ ਬੜੀ ਕਾਮਯਾਬੀ ਨਾਲ ਕਰਵਾਏ ਗਏ ਹਨ। ਦਿਲਜੀਤ ਦੁਸਾਂਝ ਦੇ ਇਸ ਸ਼ੋਅ ਨੇ ਟੀਮ ਫੌਰ ਐਂਟਰਟੇਨਮੈਂਟ ਨੂੰ ਟੋਰਾਂਟੋ ਵਿਚ ਪੰਜਾਬੀ ਸ਼ੋਅ ਬਿਜਨਸ ਵਿਚ ਪਹਿਲੇ ਸਥਾਨ `ਤੇ ਲਿਆਂਦਾ ਹੈ।

Be the first to comment

Leave a Reply