ਦਿੱਲੀ ਦੇ ਪਰਦੂਸ਼ਣ ਤੋਂ ਪੰਜਾਬ ਦੇ ਲੋਕਾਂ ਨੂੰ ਖ਼ਤਰਾ

ਪਟਿਆਲਾ- ਦਿੱਲੀ ਅਤੇ ਉਸ ਤੋਂ ਵੀ ਅਗਾਂਹ ਤੱਕ ਹਵਾ ਪਰਦੂਸ਼ਣ ਦੀ ਮਾਰ ਦੇ ਮਸਲੇ ਉੱਤੇ ਪੰਜਾਬ ਪਰਦੂਸ਼ਣ ਕੰਟਰੋਲ ਬੋਰਡ ਨੇ ਪੰਜਾਬ ਦੇ ਬਾਰੇ ਦਿੱਲੀ ਵਾਸੀਆਂ ਦੇ ਸ਼ੱਕ ਅਤੇ ਖਤਰੇ ਨੂੰ ਰੱਦ ਕਰਦਿਆਂ ਇਸ ਦੀ ਬਜਾਏ ਦਿੱਲੀ ਦੇ ਪਰਦੂਸ਼ਣ ਤੋਂ ਪੰਜਾਬ ਦੇ ਲੋਕਾਂ ਨੂੰ ਨੂੰ ਖ਼ਤਰਾ ਦੱਸਿਆ ਹੈ। ਇਸ ਬੋਰਡ ਦਾ ਦਾਅਵਾ ਹੈ ਕਿ ਪੰਜਾਬ ਦੀ ਹਵਾ ਦਿੱਲੀ ਨਾਲੋਂ ਵੱਧ ਸਾਫ਼ ਹੈ ਤੇ ਪੰਜਾਬ ਵਿੱਚ ਏਅਰ ਕੁਆਲਿਟੀ ਇੰਡੈਕਸ (ਹਵਾ ਦੇ ਮਿਆਰ ਦੀ ਦਰ) ਅੰਕੜਿਆਂ ਮੁਤਾਬਕ ਦਿੱਲੀ ਤੋਂ ਕਰੀਬ ਸਵਾ ਸੌ ਪੁਆਇੰਟ ਹੇਠਾਂ ਹੈ।  ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪਰਦੂਸ਼ਣ ਕੰਟਰੋਲ ਬੋਰਡ ਦੀ ਦਲੀਲ ਹੈ ਕਿ ਹਵਾ ਦਾ ਰੁਖ਼ ਪੰਜਾਬ ਵੱਲੋਂ ਕਦੇ ਵੀ ਦਿੱਲੀ ਨੂੰ ਨਹੀਂ ਹੋਇਆ ਤੇ ਨਾ ਹਵਾ ਦੀ ਰਫ਼ਤਾਰ ਐਨੀ ਤਿੱਖੀ ਸੀ ਕਿ ਪੰਜਾਬ ਦਾ ਧੂੰਆਂ ਢਾਈ ਸੌ ਕਿਲੋਮੀਟਰ ਦੂਰ ਦਿੱਲੀ ਤੱਕ ਮਾਰ ਕਰ ਸਕਦੀ। ਇਸ ਦੇ ਉਲਟ ਪੰਜਾਬ ਬੋਰਡ ਨੇ ਦੱਸਿਆ ਕਿ ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ 490 ਪੁਆਇੰਟ ਉੱਤੇ ਪੁੱਜਦਾ ਰਿਹਾ ਹੈ ਤੇ ਪੰਜਾਬ ਵਿੱਚ ਇਸ ਹੱਦ ਤੱਕ ਕਦੇ ਵੀ ਨਹੀਂ ਗਿਆ। ਏਥੇ ਪਰਾਲੀ ਸਾੜੇ ਜਾਣ ਵੇਲੇ ਵੀ ਇਹ ਇੱਕ-ਦੋ ਥਾਵਾਂ ਉੱਤੇ ਵੱਧ ਤੋਂ ਵੱਧ 370 ਤੱਕ ਗਿਆ ਸੀ ਤੇ ਬਹੁਤੀਆਂ ਥਾਵਾਂ ਉੱਤੇ ਇਹ ਦੋ ਤੋਂ ਤਿੰਨ ਸੌ ਤੱਕ ਰਿਹਾ ਹੈ, ਇਸ ਲਈ ਇਹ ਸੰਭਵ ਹੀ ਨਹੀਂ ਕਿ ਪੰਜਾਬ ਦੀ ਹਵਾ ਨੇ ਦਿੱਲੀ ਤੱਕ ਮਾਰ ਕੀਤੀ ਹੋਵੇ। ਪੰਜਾਬ ਰਾਜ ਪਰਦੂਸ਼ਣ ਬੋਰਡ ਦੇ ਡਿਪਟੀ ਡਾਇਰੈਕਟਰ ਤੇ ਉਘੇ ਵਿਗਿਆਨੀ ਡਾ. ਚਰਨਜੀਤ ਸਿੰਘ ਨੇ ਕਿਹਾ ਹੈ ਕਿ ਹਾਲਾਤ ਤੋਂ ਸਾਫ ਹੈ ਕਿ ਪੰਜਾਬ ਨੂੰ ਦਿੱਲੀ ਦੇ ਹਵਾ ਪਰਦੂਸ਼ਣ ਤੋਂ ਵੱਧ ਖ਼ਤਰਾ ਹੈ।

Be the first to comment

Leave a Reply