ਦੁਨੀਆ ‘ਤੇ ਕਾਲਾ ਧੱਬਾ ਹੈ ਅੱਤਵਾਦ- ਸੁਸ਼ਮਾ ਸਵਰਾਜ

ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤਿੰਨ ਦਿਨਾਂ ਜਾਪਾਨ ਦੇ ਦੌਰੇ ‘ਤੇ ਹੈ। ਸੁਸ਼ਮਾ ਨੇ ਵੀਰਵਾਰ ਨੂੰ ਜਾਪਾਨ ਦੇ ਵਿਦੇਸ਼ ਮੰਤਰੀ ਤਾਰੋ ਕੋਨੋ ਨਾਲ ਮੁਲਾਕਾਤ ਕੀਤੀ ਅਤੇ ਟੋਕੀਓ ‘ਚ ਦੋ-ਪੱਖੀ ਬੈਠਕ ਵਿਚ ਹਿੱਸਾ ਲਿਆ। ਸੁਸ਼ਮਾ ਨੇ ਬੈਠਕ ‘ਚ ਕਿਹਾ ਕਿ ਭਾਰਤ ਅਤੇ ਜਾਪਾਨ ਦਾ ਮੰਨਣਾ ਹੈ ਕਿ ਕਿਸੇ ਵੀ ਰੂਪ ‘ਚ ਅੱਤਵਾਦ ਦੁਨੀਆ ‘ਤੇ ਕਾਲਾ ਧੱਬਾ ਹੈ।
ਵਿਦੇਸ਼ ਮੰਤਰੀ ਨੇ ਜਾਪਾਨ ‘ਚ ਰਹਿ ਰਹੇ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਿਤ ਕੀਤਾ। ਟੋਕੀਓ ਵਿਚ ‘ਵਿਵੇਕਾਨੰਦ ਕਲਚਰਲ ਸੈਂਟਰ’ ਵਿਚ ਭਾਰਤੀ ਪ੍ਰਵਾਸੀਆਂ ਦੇ ਸਮੂਹ ਨੂੰ ਸੰਬੋਧਿਤ ਕਰਦੇ ਹੋਏ ਸੁਸ਼ਮਾ ਨੇ ਜਾਪਾਨ ਨਾਲ ਸੰਬੰਧਾਂ ਨੂੰ ਮਜ਼ਬੂਤ ਬਣਾਉਣ ‘ਚ ਭਾਰਤੀ ਪ੍ਰਵਾਸੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਸੁਸ਼ਮਾ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਭਾਰਤ ਅਤੇ ਜਾਪਾਨ ਦੇ ਰਿਸ਼ਤੇ ਹੋਰ ਮਜ਼ਬੂਤ ਹੋਏ ਹਨ।
ਸੁਸ਼ਮਾ ਸਵਰਾਜ ਨੇ ਕਿਹਾ, ”ਪਹਿਲਾਂ ਦੀ ਤੁਲਨਾ ਵਿਚ ਹੁਣ ਭਾਰਤ-ਜਾਪਾਨ ਦੇ ਰਿਸ਼ਤੇ ਵਧ ਮਜ਼ਬੂਤ ਹੋਏ ਹਨ ਅਤੇ ਇਸ ਦਾ ਵੱਡਾ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੀ ਦੋਸਤੀ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਜਾਪਾਨ ਸਥਿਤ ਭਾਰਤੀ ਦੂਤਘਰ ‘ਚ ਜਾ ਕੇ ਵਿਜ਼ਟਰ ਬੁੱਕ ‘ਤੇ ਵੀ ਦਸਤਖਤ ਕੀਤੇ। ਇਸ ਤੋਂ ਇਲਾਵਾ ਸੁਸ਼ਮਾ ਨੇ ਸਾਬਕਾ ਵਿਦੇਸ਼ ਮੰਤਰੀ ਫੁਮੀਓ ਕਿਸ਼ੀਦਾ ਨਾਲ ਵੀ ਮੁਲਾਕਾਤ ਕੀਤੀ।