ਦੂਜਾ ਕੁਆਲੀਫਾਇਰ ਕੋਲਕਾਤਾ ਦੇ ਈਡਨ ਗਾਰਡਨਜ਼ ਵਿੱਚ ਅੱਜ

ਕੋਲਕਾਤਾ – ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੀ ਟੀਮ ਭਲਕੇ ਇਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਦੂਜੇ ਲੀਗ ਕੁਆਲੀਫਾਇਰ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੀ ਪਿਛਲੇ ਕੁਝ ਮੈਚਾਂ ਦੀ ਖਰਾਬ ਲੈਅ ਦਾ ਲਾਹਾ ਲੈਂਦਿਆਂ ਫਾਈਨਲ ਵਿੱਚ ਥਾਂ ਬਣਾਉਣ ਦੇ ਇਰਾਦੇ ਨਾਲ ਮੈਦਾਨ ’ਚ ਉਤਰੇਗੀ। ਕੇਕੇਆਰ ਦੀ ਟੀਮ ਪਿਛਲੇ ਚਾਰ ਮੈਚਾਂ ਵਿੱਚ ਚਾਰ ਜਿੱਤਾਂ ਨਾਲ ਬਿਹਤਰੀਨ ਲੈਅ ਵਿੱਚ ਹੈ ਜਦੋਂਕਿ ਲੀਗ ਤਾਲਿਕਾ ਵਿੱਚ ਸਿਖਰ ’ਤੇ ਰਹੀ ਸਨਰਾਈਜ਼ਰਜ਼ ਦੀ ਟੀਮ ਪਿਛਲੇ ਕੁਝ ਮੈਚਾਂ ਵਿੱਚ ਉਪਰੋਥੱਲੀ ਮਿਲੀ ਹਾਰਾਂ ਨਾਲ ਜੂਝਦੀ ਨਜ਼ਰ ਆਈ ਸੀ। ਮੱਧਕ੍ਰਮ ਦਾ ਖ਼ਰਾਬ ਪ੍ਰਦਰਸ਼ਨ ਕਹੀਏ ਜਾਂ ਜਿੱਤ ਦੇ ਸਰੂਰ ’ਚ ਗੁਆਚੇ ਰਹਿਣਾ, ਕੇਨ ਵਿਲੀਅਮਸਨ ਦੀ ਅਗਵਾਈ ਵਾਲੀ ਟੀਮ ਨੂੰ ਇਸ ਕਾਰਨ ਲਗਾਤਾਰ ਚਾਰ ਮੈਚ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ ਹੈ। ਭੁਵੇਨਸ਼ਵਰ ਕੁਮਾਰ, ਸਿਧਾਰਥ ਕੌਲ, ਸੰਦੀਪ ਸ਼ਰਮਾ ਤੇ ਰਾਸ਼ਿਦ ਖ਼ਾਨ ਦੀ ਮੌਜੂਦਗੀ ਵਿੱਚ ਸਨਰਾਈਜ਼ਰਜ਼ ਦਾ ਗੇਂਦਬਾਜ਼ੀ ਹਮਲਾ ਸੰਭਾਵੀ ਤੌਰ ’ਤੇ ਸਭ ਤੋਂ ਮਜ਼ਬੂਤ ਹੈ ਤੇ ਇਹ ਗੇਂਦਬਾਜ਼ ਭਲਕੇ ਈਡਨ ਗਾਰਡਨਜ਼ ਦੀ ਪਿੱਚ ’ਤੇ ਹਰ ਸੰਭਵ ਮਦਦ ਹਾਸਲ ਕਰਨ ਦਾ ਯਤਨ ਕਰਨਗੇ। ਲੈਅ ਦੀ ਗੱਲ ਕਰੀਏ ਤਾਂ ਉਹ ਅੱਜਕੱਲ੍ਹ ਦਿਨੇਸ਼ ਕਾਰਤਿਕ ਦੇ ਪੱਖ ਵਿੱਚ ਹੈ, ਜੋ ਘਰੇਲੂ ਹਾਲਾਤ ਦਾ ਲਾਹਾ ਲੈਣ ਦੀ ਕੋਸ਼ਿਸ਼ ਵਿੱਚ ਹਨ। ਵਿਲੀਅਮਸਨ ਦੀ ਟੀਮ ਨੂੰ ਕੇਕੇਆਰ ਨੂੰ ਰੋਕਦਿਆਂ ਜੇਤੂ ਲੈਅ ਹਾਸਲ ਕਰਦਿਆਂ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕਰਨਾ ਹੋਵੇਗਾ। ਦਿੱਲੀ ਡੇਅਰਡੈਵਿਲਜ਼ ਨੂੰ ਹਰਾ ਕੇ ਸਭ ਤੋਂ ਪਹਿਲਾਂ ਪਲੇਆਫ ਵਿੱਚ ਥਾਂ ਬਣਾਉਣ ਵਾਲੇ ਸਨਰਾਈਜ਼ਰਜ਼ ਦੇ ਖਰਾਬ ਪ੍ਰਦਰਸ਼ਨ ਦੀ ਸ਼ੁਰੂਆਤ ਪੁਣੇ ਤੋਂ ਹੋਈ ਸੀ, ਜਦੋਂ ਟੀਮ ਦਾ ਮਜ਼ਬੂਤ ਗੇਂਦਬਾਜ਼ੀ ਹਮਲਾ ਚੇਨੱਈ ਸੁਪਰਕਿੰਗਜ਼ ਖ਼ਿਲਾਫ਼ 180 ਦੌੜਾਂ ਦੇ ਟੀਚੇ ਦਾ ਬਚਾਅ ਕਰਨ ਵਿੱਚ ਨਾਕਾਮ ਰਿਹਾ ਸੀ। ਟੀਮ ਨੂੰ ਮਗਰੋਂ ਆਰਸੀਬੀ, ਕੇਕੇਆਰ ਤੇ ਸੀਐਸਕੇ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੈਦਰਾਬਾਦ ਦੀ ਮੁੱਖ ਸਮੱਸਿਆ ਉਸ ਦੀ ਬੱਲੇਬਾਜ਼ੀ ਹੈ, ਜੋ ਮੌਜੂਦਾ ਸੰਤਰੀ ਟੋਪੀ ਧਾਰਕ ਕਪਤਾਨ ਵਿਲੀਅਮਸਨ ’ਤੇ ਮੁਨੱਸਰ ਹੈ। ਵਿਲੀਅਮਸਨ ਹੁਣ ਤਕ 57.05 ਦੀ ਔਸਤ ਨਾਲ 685 ਦੌੜਾਂ ਬਣਾ ਚੁੱਕਾ ਹੈ। ਸੀਐਸਕੇ ਖ਼ਿਲਾਫ਼ ਪਹਿਲੇ ਕੁਆਲੀਫਾਇਰ ਵਿੱਚ ਟੀਮ ਇਕ ਵੇਲੇ ਕਾਫ਼ੀ ਮਜ਼ਬੂਤ ਸਥਿਤੀ ਵਿੱਚ ਸੀ, ਪਰ 18ਵੇਂ ਓਵਰ ਵਿੱਚ ਕਾਰਲੋਸ ਬ੍ਰੈਥਵੇਟ ਤੋਂ ਗੇਂਦਬਾਜ਼ੀ ਕਰਾਉਣ ਦਾ ਫ਼ੈਸਲਾ ਟੀਮ ਨੂੰ ਕਾਫ਼ੀ ਮਹਿੰਗਾ ਪਿਆ ਸੀ। ਕਪਤਾਨ ਲਈ ਹੁਣ ਪੰਜਵੇਂ ਤੇ ਛੇਵੇਂ ਗੇਂਦਬਾਜ਼ ਦੇ ਬਦਲ ਨੂੰ ਚੁਣਨਾ ਵੱਡੀ ਚੁਣੌਤੀ ਹੋਵੇਗੀ। ਪਿਛਲੇ ਮੈਚ ਵਿੱਚ ਪਹਿਲੀ ਗੇਂਦ ’ਤੇ ਆਊਟ ਹੋਏ ਸਲਾਮੀ ਬੱਲੇਬਾਜ਼ ਸ਼ਿਖਰ ਧਵਨ (437 ਦੌੜਾਂ) ਤੋਂ ਟੀਮ ਨੂੰ ਵੱਡੀ ਪਾਰੀ ਦੀ ਆਸ ਰਹੇਗੀ। ਟੀਮ ਦੀ ਅਸਲ ਪ੍ਰੇਸ਼ਾਨੀ ਹਾਲਾਂਕਿ ਉਸ ਦਾ ਮੱਧਕ੍ਰਮ ਹੈ। ਕੋਲਕਾਤਾ ਦੇ ਕਪਤਾਨ ਕਾਰਤਿਕ ਲਈ ਹਾਲਾਂਕਿ ਅਜਿਹੀ ਕੋਈ ਮੁਸ਼ਕਲ ਨਹੀਂ ਹੈ। ਟੀਮ ਦੇ ਸਭ ਤੋਂ ਸਫ਼ਲ ਕਪਤਾਨ ਗੌਤਮ ਗੰਭੀਰ ਦੇ ਜਾਣ ਮਗਰੋਂ ਟੀਮ ਦੀ ਅਗਵਾਈ ਕਰ ਰਿਹੈ ਕਾਰਤਿਕ ਬਿਹਤਰੀਨ ਲੈਅ ਵਿੱਚ ਹੈ ਤੇ ਹੁਣ ਤਕ 54.44 ਦੀ ਔਸਤ ਨਾਲ 15 ਮੈਚਾਂ ਵਿੱਚ 490 ਦੌੜਾਂ ਬਣਾ ਚੁੱਕਾ ਹੈ। ਆਂਦਰੇ ਰਸਲ ਵੀ ਲੈਅ ਵਿੱਚ ਹੈ।