ਦੇਸ਼ ਭਗਤ ਯੂਨੀਵਰਸਿਟੀ ਵਲੋਂ ਓਬਰਾਏ ਨੂੰ ਡਾਕਟਰੇਟ ਦੀ ਡਿਗਰੀ ਪ੍ਰਦਾਨ

ਪਟਿਆਲਾ – ਦੇਸ਼ ਭਗਤ ਯੂਨੀਵਰਸਿਟੀ ਗਿਬਿੰਦਗੜ੍ਹ ਦੀ ਪੰਜਵੀਂ ਕਨਵੋਕੇਸ਼ਨ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟ੍ਰਸ੍ਟ ਦੇ ਮੈਨੇਜਿੰਗ ਟਰੱਸਟ ਡਾ ਐੱਸ ਪੀ ਸਿੰਘ ਓਬਰਾਏ ਨੂੰ ਫ਼ਿਲਾਸਫ਼ੀ ਦੀ ਆਨਰੇਰੀ ਪੀ.ਐੱਚ.ਡੀ ਦੀ ਡਿਗਰੀ ਪ੍ਰਦਾਨ ਕੀਤੀ ਗਈ । ਡਾ ਓਬਰਾਏ ਨੂੰ ਡਾਕਟਰੇਟ ਦੀ ਡਿਗਰੀ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਜ਼ੋਰਾ ਸਿੰਘ ਤੇ ਵਾਈਸ ਚਾਂਸਲਰ ਡਾ. ਵਰਿੰਦਰ ਸਿੰਘ ਵਲੋਂ ਪ੍ਰਦਾਨ ਕੀਤੀ ਗਈ ।
ਦੇਸ਼ ਭਗਤ ਯੂਨੀਵਰਸਿਟੀ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਡੀਟੋਰੀਅਮ ਵਿਖੇ ਕਨਵੋਕੇਸ਼ਨ 2018 ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਦੇਸ਼ ਭਗਤ ਯੂਨੀਵਰਸਿਟੀ ਅਤੇ ਦੇਸ਼ ਭਗਤ ਯੁਨਾਇਟੇਡ ਦੇ 750 ਦੇ ਕਰੀਬ ਪਾਸ ਆਊਟ ਵਿਦਿਆਰਥੀਆਂ ਨੂੰ ਪੀ.ਐੱਚ.ਡੀ., ਐੱਮ.ਫਿਲ. ਅਤੇ ਗਰੈਜੂਏਸ਼ਨ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਮਾਨਯੋਗ ਸ੍ਰੀ ਪ੍ਰੇਮ ਭੰਡਾਰੀ (ਚੇਅਰਮੈਨ, ਜੈਪੁਰ ਫ਼ੁਟ, ਯੂ ਐਸ ਏ ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ ਓਬਰਾਏ ਨੇ ਕਿਹਾ ਕਿ ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਵਿਚ ਪੂਰੀ ਸਮਰੱਥਾ ਹੈ ਕਿ ਉਹ ਆਪਣੇ ਦੇਸ਼ ਨੂੰ ਸ਼ਿਖਰਾਂ ਤੇ ਲੈ ਕੇ ਜਾਣ ਅਤੇ ਇਸ ਦੀ ਪ੍ਰਗਤੀ ਦੀ ਗਤੀ ਨੂੰ ਹੋਰ ਤੇਜ਼ ਕਰਨ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਅਤੇ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਆਪਣੇ ਟਰੱਸਟ ਦੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ । ਚਾਂਸਲਰ ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਸਾਡਾ ਦੇਸ਼ ਨੌਜਵਾਨ ਸ਼ਕਤੀ ਨਾਲ ਭਰਪੂਰ ਹੈ, ਨੌਜਵਾਨ ਆਪਣੀ ਸ਼ਕਤੀ ਨੂੰ ਪਹਿਚਾਣਨ ਅਤੇ ਦੇਸ਼ ਦਾ ਨਾਮ ਦੁਨੀਆਂ ਵਿਚ ਰੌਸ਼ਨ ਕਰਨ। ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਡਾ. ਤੇਜਿੰਦਰ ਕੌਰ ਨੇ ਗੈਸਟ ਆਫ਼ ਆਨਰ ਅਤੇ ਹੋਰਨਾਂ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਵਲੋਂ ਵੱਖ-ਵੱਖ ਖੇਤਰਾਂ ਵਿਚ ਕੀਤੀਆਂ ਗਈਆਂ ਪ੍ਰਾਪਤੀਆਂ ਦਾ ਸਨਮਾਨ ਪੱਤਰ ਦੇ ਰੂਪ ਵਿਚ ਜ਼ਿਕਰ ਕੀਤਾ। ਇਸ ਮੌਕੇ ਸ੍ਰੀ ਮੁਕਲ ਗੋਇਲ (ਆਈ.ਪੀ.ਐਸ), ਆਈ.ਜੀ, .ਬੀ.ਐਸ.ਐਫ਼, ਰੋਮੇਸ਼ ਗੁਜਰਾਲ, ਵਿਸ਼ਾਲ ਭਾਰਦਵਾਜ ਅਤੇ ਡਾ.ਜਗਨਨਾਥ ਪਟਨਾਇਕ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਤੇ ਟਰੱਸਟ ਦੇ ਡਾਇਰੈਕਟਰ ਡਾ ਮਦਨ ਲਾਲ ਹਾਸਿਜਾ ਵੀ ਮੌਜੂਦ ਸਨ। ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਵਲੋਂ ਡਾ ਓਬਰਾਏ ਤੋਂ ਇਲਾਵਾ ਸ੍ਰੀ ਪ੍ਰੇਮ ਭੰਡਾਰੀ ਅਤੇ ਅਚਾਰਿਆ ਸ੍ਰੀ ਸ਼ੈਲੇਸ਼ ਤਿਵਾੜੀ ਨੂੰ ਆਨਰੇਰੀ ਪੀ.ਐੱਚ.ਡੀ ਦੀ ਡਿਗਰੀ ਪ੍ਰਦਾਨ ਕੀਤੀ ਗਈ। ਇਨ੍ਹਾਂ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਦਿੱਤੇ ਗਏ ਸਨਮਾਨ ਲਈ ਯੂਨੀਵਰਸਿਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹੁਣ ਤੋਂ ਉਹ ਵੀ ਸਾਬਕਾ ਵਿਦਿਆਰਥੀਆਂ ਵਜੋਂ ਯੂਨੀਵਰਸਿਟੀ ਨਾਲ ਸਦੀਵੀਂ ਤੌਰ ਤੇ ਜੁੜ ਗਏ ਹਨ। ਜ਼ਿਕਰ ਯੋਗ ਹੈ ਕਿ ਡਾ ਓਬਰਾਏ ਨੂੰ ਦੇਸ਼ਾਂ ਵਿਦੇਸ਼ਾਂ ਵਿਚ ਕਈ ਥਾਂਵਾਂ ਤੇ ਡਾਕਟਰੇਟ ਦੀਆਂ ਡਿਗਰੀਆਂ ਸਮੇਤ ਕਈ ਪ੍ਰਤਿਸ਼ਠਤ ਸਨਮਾਨਾਂ ਨਾਲ ਸਨਮਾਨਿਤ ਹੋ ਚੁਕੇ ਹਨ ।

Be the first to comment

Leave a Reply