ਦੋ ਧਿਰਾਂ ਦਰਮਿਆਨ ਹੋਏ ਖੂਨੀ ਸੰਘਰਸ਼ ‘ਚ ਇੱਟਾਂ-ਪੱਥਰ ਚੱਲਣ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ

ਲੁਧਿਆਣਾ – ਨਿਗਮ ਚੋਣਾਂ ‘ਚ ਵਾਰਡ ਨੰਬਰ 31 ਦੇ ਅਧੀਨ ਆਉਂਦੇ ਮਹਾ ਸਿੰਘ ਨਗਰ ਵਿਚ ਜਿੱਤ ਦੀ ਖੁਸ਼ੀ ਅਤੇ ਹਾਰ ਦੀ ਖੁੰਦਕ ‘ਚ ਭਿੜੀਆਂ ਦੋ ਧਿਰਾਂ ਦਰਮਿਆਨ ਹੋਏ ਖੂਨੀ ਸੰਘਰਸ਼ ‘ਚ ਘੰਟਿਆਂਬੱਧੀ ਇੱਟਾਂ-ਪੱਥਰ ਚੱਲਣ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੋਵਾਂ ਧਿਰਾਂ ਵੱਲੋਂ ਇਕ-ਦੂਜੇ ‘ਤੇ ਲਾਏ ਗੰਭੀਰ ਦੋਸ਼ਾਂ ਨੂੰ ਜਾਂਚਣ ‘ਚ ਜੁਟੀ ਪੁਲਸ ਦੇ ਦਰਜਨਾਂ ਮੁਲਾਜ਼ਮਾਂ ਵੱਲੋਂ ਸਖ਼ਤ ਮਿਹਨਤ ਉਪਰੰਤ ਹਾਲਾਤ ‘ਤੇ ਕਾਬੂ ਪਾਇਆ ਜਾ ਸਕਿਆ। ਖ਼ਬਰ ਲਿਖੇ ਜਾਣ ਤੱਕ ਇਲਾਕੇ ਵਿਚ ਹਾਲਾਤ ਨਾਜ਼ੁਕ ਬਣੇ ਹੋਏ ਸਨ। ਹਾਲਾਂਕਿ ਪੁਲਸ ਨੇ ਵਿਚ ਬਚਾਅ ਕਰਦੇ ਹੋਏ ਦੋਵਾਂ ਧਿਰਾਂ ਨੂੰ ਸ਼ਾਂਤ ਕਰ ਦਿੱਤਾ ਪਰ ਹਨੇਰਾ ਹੁੰਦੇ ਹੀ ਹਾਰਨ ਵਾਲੀ ਧਿਰ ਦੇ ਹਮਾਇਤੀ ਵੱਡੀ ਗਿਣਤੀ ‘ਚ ਇਕੱਠੇ ਹੋ ਗਏ ਅਤੇ ਫਿਰ ਭਿੜਨ ਦਾ ਯਤਨ ਕਰਨ ਲੱਗੇ। ਇਸ ‘ਤੇ ਪੁਲਸ ਨੂੰ ਲਾਠੀਚਾਰਜ ਕਰ ਕੇ ਉਨ੍ਹਾਂ ਨੂੰ ਖਦੇੜਨਾ ਪਿਆ। ਘਟਨਾ ਬਾਅਦ ਦੁਪਹਿਰ ਦੀ ਹੈ। ਵਾਰਡ ਨੰਬਰ 31 ਵਿਚ ਪਿਛਲੇ 10 ਸਾਲਾਂ ਤੋਂ ਬਤੌਰ ਆਜ਼ਾਦ ਚੋਣ ਜਿੱਤਣ ਵਾਲੇ ਠਾਕੁਰ ਵਿਸ਼ਵਨਾਥ ਅਤੇ ਉਨ੍ਹਾਂ ਦੀ ਧਰਮ ਪਤਨੀ ਇਸ ਵਾਰ ਭਾਜਪਾ ਦੀ ਉਮੀਦਵਾਰ ਸੋਨੀਅਰ ਸ਼ਰਮਾ ਪਤਨੀ ਪੰਕਜ ਸ਼ਰਮਾ ਤੋਂ ਚੋਣ ਹਾਰ ਗਈ। ਇਲਾਕੇ ਵਿਚ ਹੋਇਆ ਖੂਨੀ ਸੰਘਰਸ਼ ਇਸੇ ਹਾਰ-ਜਿੱਤ ਦਾ ਨਤੀਜਾ ਦੱਸਿਆ ਜਾਂਦਾ ਹੈ। ਚੋਣਾਂ ਜਿੱਤਣ ਤੋਂ ਬਾਅਦ ਕੌਂਸਲਰ ਸੋਨੀਅਰ ਸ਼ਰਮਾ ਆਪਣੇ ਪਤੀ ਪੰਕਜ, ਸਹੁਰਾ ਸੁਰਿੰਦਰ ਸ਼ਰਮਾ ਅਤੇ ਸੱਸ ਰਾਜੇਸ਼ ਸ਼ਰਮਾ ਦੇ ਨਾਲ ਪਠਾਨਕੋਟ ਸਥਿਤ ਵਡੇਰਿਆਂ ਦੀ ਜਗ੍ਹਾ ‘ਤੇ ਮੱਥਾ ਟੇਕਣ ਲਈ ਨਿਕਲੇ ਸਨ। ਪਿੱਛਿਓਂ ਕੌਂਸਲਰ ਦਾ ਦਿਓਰ ਅਸ਼ਵਨੀ ਸ਼ਰਮਾ ਕਿਸੇ ਝਗੜੇ ਦਾ ਫੈਸਲਾ ਕਰਵਾਉਣ ਡਾਬਾ ਥਾਣੇ ਵਿਚ ਸੀ। ਉਸ ਨੇ ਦੱਸਿਆ ਕਿ ਪਰਿਵਾਰ ਦੀ ਇਕ ਔਰਤ ਨੇ ਉਸ ਨੂੰ ਮੋਬਾਇਲ ‘ਤੇ ਸੂਚਨਾ ਦਿੱਤੀ ਕਿ ਉਨ੍ਹਾਂ ਦਾ ਕਰੀਬੀ ਮੋਹਿਤ ਨਾਮੀ ਨੌਜਵਾਨ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹਾ ਸੀ ਕਿ ਅਚਾਨਕ ਆਲਟੋ ਕਾਰ ਵਿਚ ਆਏ 5 ਗੁੰਡਿਆਂ ਨੇ ਉਸ ਨੂੰ ਘੇਰ ਕੇ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ‘ਤੇ ਮੋਹਿਤ ਜਾਨ ਬਚਾਉਣ ਲਈ ਉਨ੍ਹਾਂ ਦੇ ਘਰ ਆ ਵੜਿਆ। ਇਸ ‘ਤੇ ਸਾਰੇ ਹਮਲਾਵਰ ਵੀ ਉਸ ਦੇ ਪਿੱਛੇ ਘਰ ਵਿਚ ਦਾਖਲ ਹੋ ਗਏ ਅਤੇ ਉਸ ‘ਤੇ ਅਤੇ ਹੋਰਨਾਂ ਮੈਂਬਰਾਂ ‘ਤੇ ਹਮਲਾ ਕਰ ਕੇ ਤੋੜ-ਭੰਨ ਕੀਤੀ। ਅਸ਼ਵਨੀ ਦਾ ਦੋਸ਼ ਸੀ ਕਿ ਹਮਲਾਵਰ ਹਾਰਨ ਵਾਲੀ ਉਮੀਦਵਾਰ ਦੇ ਹਮਾਇਤੀ ਸਨ।

Be the first to comment

Leave a Reply