ਧਮਾਕਾਖੇਜ਼ ਸਮੱਗਰੀ ਤੇ ਅਸਲਾ ਬਰਾਮਦ

ਪਟਿਆਲਾ  (ਸਾਂਝੀ ਸੋਚ ਬਿਊਰੋ)  ਪਟਿਆਲਾ ਪੁਲਿਸ ਨੇ ਇੱਕ ਸਰਚ ਅਪਰੇਸ਼ਨ ਦੌਰਾਨ ਧਮਾਕਾਖੇਜ ਸਮੱਗਰੀ ਤੇ ਨਜਾਇਜ਼ ਅਸਲੇ ਸਮੇਤ ਹਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ, ਜਦ ਕਿ ਉਸ ਦੇ ਪੁੱਤਰ ਰਜਤਵੀਰ ਸਿੰਘ ਨੇ ਕਾਨੂੰਨੀ ਕਾਰਵਾਈ ਦੇ ਡਰੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਡੀ.ਆਈ.ਜੀ. ਪਟਿਆਲਾ ਰੇਂਜ ਡਾ: ਸੁਖਚੈਨ ਸਿੰਘ ਗਿੱਲ ਨੇ ਪਟਿਆਲਾ ਦੇ ਐਸ.ਐਸ.ਪੀ. ਡਾ: ਐਸ. ਭੂਪਤੀ ਨਾਲ ਕੀਤੇ ਇੱਕ ਸਾਂਝੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਪੁਲਿਸ ਨੂੰ ਉਸ ਸਮੇ ਭਾਰੀ ਸਫਲਤਾ ਮਿਲੀ ਜਦ ਇੰਸਪੈਕਟਰ ਦਲਜੀਤ ਸਿੰਘ ਵਿਰਕ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਦੀ ਹਦਾਇਤ ਅਨੁਸਾਰ ਐਸ.ਆਈ. ਗੁਰਮੀਤ ਸਿੰਘ ਸੀ.ਆਈ.ਏ ਸਟਾਫ ਪਟਿਆਲਾ ਆਪਣੀ ਪੁਲਿਸ ਪਾਰਟੀ ਸਮੇਤ ਟੀ ਪੁਆਇੰਟ ਸ਼ੇਖਪੁਰਾ ਪਟਿਆਲਾ ਰਾਜਪੁਰਾ ਰੋਡ ਵਿਖੇ ਮੌਜੂਦ ਸੀ। ਜਿਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਹਰਪ੍ਰੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ ਅਤੇ ਰਜਤਵੀਰ ਸਿੰਘ ਪੁੱਤਰ ਹਰਪ੍ਰੀਤ ਸਿੰਘ ਵਾਸੀ ਮਕਾਨ ਨੰ: 04 ਗਲੀ ਨੰ: 14 ਦਰਸ਼ਨ ਨਗਰ ਪਟਿਆਲਾ ਨੇ ਆਪਣੇ ਪਾਸ ਧਮਾਕਾ ਖੇਜ਼ ਸਮੱਗਰੀ ਅਤੇ ਦੇਸੀ ਬੰਬ ਬਣਾ ਕੇ ਨਜਾਇਜ ਅਸਲਾ ਐਮੋਨੀਸ਼ਨ ਰੱਖੇ ਹੋਏ ਹਨ ਅਤੇ ਹਰਪ੍ਰੀਤ ਸਿੰਘ ਆਪਣੀ ਕਾਰ ਰਿਟਜ ਨੰਬਰ ਪੀ.ਬੀ.-19.ਜੇ-0141 ਅਤੇ ਰਜਤਵੀਰ ਸਿੰਘ ਆਪਣੀ ਗੱਡੀ ਸਕਾਰਪਿਉ ਨੰਬਰੀ ਪੀ.ਬੀ.-11ਸੀਈ-0979 ਪਰ ਧਮਾਕਾ ਖੇਜ਼ ਸਮੱਗਰੀ ਅਤੇ ਨਜਾਇਜ ਅਸਲਾ ਲੈ ਕੇ ਰਾਜਪੁਰਾ ਸਾਇਡ ਨੂੰ ਜਾ ਰਹੇ ਹਨ, ਜੇਕਰ ਇਹਨਾਂ ਨੂੰ ਕਾਬੂ ਕੀਤਾ ਜਾਵੇ ਤਾ ਇਹਨਾਂ ਪਾਸੋ ਭਾਰੀ ਮਾਤਰਾ ਵਿੱਚ ਨਜਾਇਜ ਅਸਲਾ, ਐਮੋਨੀਸ਼ਨ ਅਤੇ ਧਮਾਕਾ ਖੇਜ਼ ਸਮੱਗਰੀ ਬ੍ਰਾਮਦ ਹੋ ਸਕਦੀ ਹੈ। ਜਿਸ ਸਬੰਧੀ ਮੁਕੱਦਮਾ ਨੰ: 121 ਮਿਤੀ 01.06.2017 ਅ/ਧ 25 ਆਰਮਜ ਐਕਟ 3/4 ਐਕਸਪਲੋਜਿਵ ਐਕਟ ਥਾਣਾ ਸਦਰ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ।
ਡੀ.ਆਈ.ਜੀ. ਨੇ ਦੱਸਿਆ ਕਿ ਹਰਵਿੰਦਰ ਸਿੰਘ ਵਿਰਕ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ ਪਟਿਆਲਾ ਅਤੇ ਥਾਣਾ ਸਦਰ ਪਟਿਆਲਾ ਦੀ ਪੁਲਿਸ ਪਾਰਟੀ ਵੱਲੋ ਦੋਸ਼ੀਆਂ ਦੀ ਭਾਲ ਕਰਦੇ ਪਿੰਡ ਫਲੌਲੀ ਨੇੜਿਓ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਨੂੰ ਰਿਟਜ਼ ਕਾਰ ਸਮੇਤ ਕਾਬੂ ਕੀਤਾ ਅਤੇ ਕਾਰ ਵਿੱਚੋਂ ਕੁੱਕਰਨੁਮਾ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ, ਜਦਕਿ ਉਸਦਾ ਲੜਕਾ ਰਜਤਵੀਰ ਸਿੰਘ ਮੌਕੇ ਤੋਂ ਆਪਣੀ ਗੱਡੀ ਸਕਾਰਪੀਓ ਸਮੇਤ ਫਰਾਰ ਹੋ ਗਿਆ। ਡੀ.ਆਈ.ਜੀ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਦੋਸ਼ੀਆਂ ਦੇ ਮਕਾਨ ਨੰ: 04 ਗਲੀ ਨੰ: 14 ਦਰਸ਼ਨ ਨਗਰ ਪਟਿਆਲਾ ਦੀ ਤਲਾਸ਼ੀ ਲਈ ਤਾਂ ਘਰ ਵਿੱਚੋ ਭਾਰੀ ਮਾਤਰਾ ਵਿੱਚ ਧਮਾਕਾ ਖੇਜ਼ ਸਮੱਗਰੀ ਮਿਲੀ। ਉਹਨਾਂ ਦੱਸਿਆ ਕਿ ਇਸ ਧਮਾਕਾਖੇਜ਼ ਸਮੱਗਰੀ ਦੇ ਨਿਰੀਖਣ ਲਈ ਐਫ.ਐਸ.ਐਲ. ਮੋਹਾਲੀ ਤੋ ਮਾਹਿਰਾਂ ਦੀ ਟੀਮ ਨੂੰ ਬੁਲਾਇਆ ਗਿਆ ਹੈ।

Be the first to comment

Leave a Reply