ਧੀ ਤੇ ਜਵਾਈ ਸਮੇਤ ਨਵਾਜ਼ ਸ਼ਰੀਫ ਜੇਲ੍ਹ ਵਿਚੋਂ ਹੋਏ ਰਿਹਾਅ

ਇਸਲਾਮਾਬਾਦ – ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਨ੍ਹਾਂ ਦੀ ਧੀ ਮਰੀਅਮ ਸ਼ਰੀਫ ਅਤੇ ਜਵਾਈ ਮੁਹੰਮਦ ਸਫਦਰ ਬੁਧਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਦੁਆਰਾ ਉਨ੍ਹਾਂ ਦੀ ਸਜ਼ਾ ‘ਤੇ ਰੋਕ ਦੇ ਆਦੇਸ਼ ਤੋਂ ਬਾਅਦ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਦੱਸ ਦੇਈਏ ਕਿ ਇਸਲਾਮਾਬਾਦ ਹਾਈ ਕੋਰਟ ਨੇ ਏਵਨਫੀਲਡ ਕੇਸ ਵਿਚ ਤਿੰਨਾਂ ਨੂੰ ਸੁਣਾਈ ਗਈ ਸਜ਼ਾ ‘ਤੇ ਰੋਕ ਲਗਾ ਦਿੱਤੀ ਹੈ। 6 ਜੁਲਾਈ ਨੂੰ ਅਕਾਊਂਟੀਬਿਲਿਟੀ ਕੋਰਟ ਨੇ ਨਵਾਜ਼, ਮਰੀਅਮ ਅਤੇ ਸਫਦਰ ਨੂੰ ਕ੍ਰਮਵਾਰ 10, 7 ਅਤੇ 1 ਸਾਲ ਦੀ ਸਜ਼ਾ ਸੁਣਾਈ ਸੀ। ਡੌਨ ਦੀ ਰਿਪੋਰਟ ਮੁਤਾਬਕ, ਪੀਐਮਐਲ-ਐਨ ਚੀਫ਼ ਦੇ ਪਰਿਵਾਰ ਅਤੇ ਕੈਪਟਨ ਸਫਦਰ ਨੇ ਕੋਰਟ ਦੇ ਫ਼ੈਸਲੇ ਦੇ ਖ਼ਿਲਾਫ਼ ਇਸਲਾਮਾਬਾਦ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ। ਅਕਾਊਂਟੀਬਿਲਿਟੀ ਕੋਰਟ ਦੇ ਫ਼ੈਸਲੇ ਦੇ ਸਮੇਂ ਨਵਾਜ਼ ਲੰਡਨ ਵਿਚ ਸਨ ਅਤੇ ਉਥੇ ਉਨ੍ਹਾਂ ਦੀ ਪਤਨੀ ਕੁਲਸੁਮ ਨਵਾਜ਼ ਦਾ ਇਲਾਜ ਚਲ ਰਿਹਾ ਸੀ। ਨਵਾਜ਼ ਅਤੇ ਉਨ੍ਹਾਂ ਦੀ ਧੀ ਕੋਰਟ ਦੇ ਆਦੇਸ਼ ਦੇ ਬਾਅਦ ਵਤਨ ਪਰਤੇ ਸਨ ਜਿੱਥੇ ਲਾਹੌਰ ਵਿਚ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਅਦਿਆਲਾ ਜੇਲ੍ਹ ਭੇਜ ਦਿੱਤਾ ਗਿਆ ਸੀ। ਹਾਲਾਂਕਿ ਉਨ੍ਹਾਂ ਦੀ ਮੁਸ਼ਕਲਾਂ ਇੱਥੇ ਹੀ ਨਹੀਂ ਰੁਕੀਆਂ ਅਤੇ 11 ਸਤੰਬਰ ਨੂੰ ਕੁਲਸੁਮ ਦਾ ਲੰਡਨ ਵਿਚ ਦੇਹਾਂਤ ਹੋ ਗਿਆ। ਨਵਾਜ਼ ਅਤੇ ਮਰੀਅਮ ਨੂੰ ਪੈਰੋਲ ‘ਤੇ ਰਿਹਾਅ ਕੀਤੇ ਜਾਣ ਤੋਂ ਬਾਅਦ ਮੁੜ ਅਦਿਆਲਾ ਜੇਲ੍ਰ ਭੇਜ ਦਿੱਤਾ ਗਿਆ ਸੀ। ਕੋਰਟ ਦਾ ਫ਼ੈਸਲਾ ਆਉਂਦੇ ਹੀ ਪਾਰਟੀ ਦੇ ਵਰਕਰ ਖੁਸ਼ੀ ਨਾਲ ਨੱਚਣ ਲੱਗ ਪਏ। ਕੋਰਟ ਦੇ ਫ਼ੈਸਲੇ ਤੋਂ ਬਾਅਦ ਰਸਮੀ ਕਾਰਵਾਈ ਪੂਰੀ ਕਰਕੇ ਤਿੰਨਾਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।