ਧੋਨੀ ਖਿਡਾਰੀਆਂ ਨੂੰ ਪੈਵੇਲੀਅਨ ਭੇਜਣ ਵਾਲੇ 9ਵੇਂ ਅਜਿਹੇ ਖਿਡਾਰੀ

ਨਵੀਂ ਦਿੱਲੀ — ਭਾਰਤ ਨੇ ਦੱਖਣੀ ਅਫਰੀਕਾ ਦੇ ਖਿਲਾਫ ਮੰਗਲਵਾਰ (13 ਫਰਵਰੀ, 2018) ਨੂੰ ਪੰਜਵਾਂ ਮੈਚ ਜਿੱਤ ਕੇ 6 ਮੈਚਾਂ ਦੀ ਇਕ ਰੋਜ਼ਾ ਕ੍ਰਿਕਟ ਲੜੀ ‘ਚ 4-1 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਭਾਰਤ ਨੇ ਪਹਿਲੀ ਵਾਰ ਦੇਸ਼ ਤੋਂ ਬਾਹਰ ਇਸ ਅਫਰੀਕੀ ਦੇਸ਼ ਦੇ ਖਿਲਾਫ ਕਿਸੇ ਵੀ ਫਾਰਮੈਟ ‘ਚ ਪਹਿਲੀ ਵਾਰ ਕੋਈ ਲੜੀ ਜਿੱਤੀ ਹੈ। ਭਾਰਤੀ ਟੀਮ ਨੇ ਸਭ ਤੋਂ ਪਹਿਲਾਂ 1992 ‘ਚ ਦੱਖਣੀ ਅਫਰੀਕਾ ਦਾ ਦੌਰਾ ਕੀਤਾ ਸੀ ਅਤੇ ਤੱਦ ਤੋਂ ਉਸ ਨੇ ਕਦੇ ਕਿਸੇ ਵੀ ਫਾਰਮੈਟ ‘ਚ ਉੱਥੇ ਅਜੇ ਤੱਕ ਕੋਈ ਲੜੀ ਨਹੀਂ ਜਿੱਤੀ ਸੀ। ਹਾਲਾਂਕਿ ਭਾਰਤ ਨੇ 2006 ‘ਚ ਉੱਥੇ ਇਕ ਟੀ-20 ਮੈਚ ਜਿੱਤਿਆ ਸੀ ਪਰ ਉਹ ਸਿਰਫ ਇਕ ਹੀ ਮੈਚ ਦਾ ਪ੍ਰੋਗਰਾਮ ਸੀ। ਕੋਹਲੀ ਦੀ ਅਗਵਾਈ ‘ਚ ਟੀਮ ਨੇ ਉਹ ਉਪਲਬਧੀ ਹਾਸਲ ਕੀਤੀ ਜੋ ਮੁਹੰਮਦ ਅਜ਼ਹਰੂਦੀਨ, ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ, ਰਾਹੁਲ ਦ੍ਰਵਿੜ ਜਾਂ ਮਹਿੰਦਰ ਸਿੰਘ ਧੋਨੀ ਨਹੀਂ ਕਰ ਸਕੇ ਸਨ। ਮੈਚ ਦੌਰਾਨ ਕਈ ਰਿਕਾਰਡ ਵੀ ਭਾਰਤ ਦੇ ਪੱਖ ‘ਚ ਬਣੇ। ਜਿਵੇਂ ਰੋਹਿਤ ਸ਼ਰਮਾ ਪੋਰਟ ਐਲੀਜ਼ਾਬੇਥ ‘ਚ ਸੈਂਕੜਾ ਮਾਰਨ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ ਜਦਕਿ ਟੀਮ ਇੰਡੀਆ ਵੀ ਵਿਸ਼ਵ ਦੀ ਅਜਿਹੀ ਦੂਜੀ ਟੀਮ ਬਣ ਗਈ ਜਿਸ ਨੇ ਲਗਾਤਾਰ 9 ਵਾਰ ਦੋ ਪੱਖੀ ਸੀਰੀਜ਼ ਜਿੱਤੀ ਹੈ। ਪਹਿਲੇ ਨੰਬਰ ‘ਤੇ ਵੈਸਟ ਇੰਡੀਜ਼ ਹੈ। ਇਸੇ ਮੈਚ ‘ਚ ਵਿਕਟਕੀਪਿੰਗ ਕਰ ਰਹੇ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਧੋਨੀ ਭਾਰਤ ਦੇ ਪਹਿਲੇ ਅਤੇ ਵਿਸ਼ਵ ਦੇ 9ਵੇਂ ਅਜਿਹੇ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੇ ਲਿਸਟ ਏ ਕ੍ਰਿਕਟ ‘ਚ 500 ਖਿਡਾਰੀਆਂ ਨੂੰ ਪੈਵੇਲੀਅਨ ਭੇਜਿਆ। ਇਸ ਦੌਰਾਨ ਧੋਨੀ ਨੇ 375 ਕੈਚ ਕੀਤੇ ਜਦਕਿ 125 ਸਟੰਪ ਆਊਟ ਕੀਤੇ।

Be the first to comment

Leave a Reply

Your email address will not be published.


*