ਨਰਸਿੰਗ ਦਿਵਸ ਮੌਕੇ ਬੱਚਿਆਂ ਨੇ ਹਸਪਤਾਲ ਵਿਖੇ ਜਾ ਕੇ ਕੀਤਾ ਧੰਨਵਾਦ

ਪਟਿਆਲਾ : ਵਿਸ਼ਵ ਨਰਸਿੰਗ ਦਿਵਸ ਮੌਕੇ ਭਾਈ ਘਨੱਈਆ ਮੈਡੀਕਲ ਸਟੱਡੀਜ਼ ਸੰਸਥਾ ਵੱਲੋਂ ਫਸਟ ਏਡ, ਸਿਹਤ, ਸੇਫਟੀ ਮਿਸ਼ਨ ਅਤੇ ਦਿੱਲੀ ਪਬਲਿਕ ਸਕੂਲ,
ਸਰਹੰਦ ਰੋਡ ਦੇ ਹੋਣਹਾਰ ਵਿਦਿਆਰਥੀਆਂ ਦੇ ਸਹਿਯੋਗ ਨਾਲ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਬੀ.ਐਸ. ਸਿੱਧੂ, ਮੈਡੀਕਲ ਸੁਪਰਡੈਂਟ ਡਾ. ਐਮ.ਐਸ. ਬਰਾੜ ਅਤੇ ਸਰਕਾਰੀ ਨਰਸਿੰਗ ਕਾਲਜ ਦੇ ਵਾਇਸ ਪ੍ਰਿੰਸੀਪਲ ਡਾ. ਕਿਰਨਜੀਤ ਕੌਰ ਧਾਲੀਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਗਰੁੱਪ ਦੀ ਅਗਵਾਈ ਕਰਦੇ ਸਮਾਜ ਸੇਵਕ ਸ੍ਰੀ ਕਾਕਾ ਰਾਮ ਵਰਮਾ ਅਤੇ ਡਾ. ਨੀਰਜ ਭਾਰਦਵਾਜ ਨੇ ਕਿਹਾ ਕਿ ਕਿਸੇ ਵੀ ਮਰੀਜ਼, ਪੀੜਤ ਤੇ ਜ਼ਖਮੀ ਦੀ ਜ਼ਿੰਦਗੀ ਬਚਾਉਣ ਲਈ ਡਾਕਟਰਾਂ ਅਤੇ ਨਰਸਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਦਾ ਪਤਾ ਹਰੇਕ ਮਰੀਜ਼ ਨੂੰ ਅਤੇ ਉਸ ਦੇ ਰਿਸ਼ਤੇਦਾਰ ਨੂੰ ਹਸਪਤਾਲਾਂ ਵਿੱਚ ਜਾ ਕੇ ਹੀ ਪਤਾ ਲਗਦਾ ਹੈ। ਸ੍ਰੀ ਪਵਨ ਗੋਇਲ ਸਮਾਜ ਸੇਵਕ ਨੇ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਨੂੰ ਉਤਰੀ ਭਾਰਤ ਦੇ ਗਰੀਬਾਂ ਅਤੇ ਜ਼ਰੂਰਤਮੰਦਾਂ ਦਾ ਜੀਵਨਦਾਤਾ ਕਿਹਾ। ਡਾ. ਕਿਰਨਦੀਪ ਕੌਰ ਧਾਲੀਵਾਲ ਨੇ ਬੱਚਿਆਂ ਨੂੰ ਫਲੋਰੈਸਨਾਇਟਿੰਗੇਲ ਜਿਸ ਨੂੰ ਲੇਡੀ ਵਿਥ ਏ ਲੈਂਪ ਅਤੇ ਸੰਸਾਰ ਦੀ ਪਹਿਲੀ ਸਿਸਟਰ ਵੀ ਕਹਿੰਦੇ ਹਨ ਦੀ ਜੀਵਨੀ ਦੱਸੀ। ਡਾ. ਸਿੱਧੂ ਨੇ ਬੱਚਿਆਂ, ਉਨ੍ਹਾਂ ਦੇ ਪ੍ਰਿੰਸੀਪਲ ਸ੍ਰੀ ਐਨ. ਕੇ. ਸ਼ੁਕਲਾ ਅਧਿਆਪਕਾਂ ਅਤੇ ਵਿਸ਼ੇਸ਼ ਤੌਰ ‘ਤੇ ਸ੍ਰੀ ਕਾਕਾ ਰਾਮ ਵਰਮਾ ਅਤੇ ਡਾ. ਨੀਰਜ਼ ਭਾਰਦਵਾਜ ਦਾ ਧੰਨਵਾਦ ਕੀਤਾ।