ਨਰਿੰਦਰ ਪਾਲ ਸਿੰਘ ਹੁੰਦਲ ‘ਤੇ 5 ਸਾਲ ਲਈ ‘ਰੀਸਟਰੇਨਿੰਗ ਆਰਡਰ’ ਲਾਗੂ

ਕੈਲੀਫੋਰਨੀਆ (ਬਿਊਰੋ ਸਰਵਿਸ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਵੈਸਟ ਕੋਸਟ ਅਮਰੀਕਾ ਦੇ ਸੀਨੀਅਰ ਮੀਤ ਪ੍ਰਧਾਨ ਨਰਿੰਦਰ ਪਾਲ ਸਿੰਘ ਹੁੰਦਲ ਨੇ 30 ਮਾਰਚ 2017 ਦੀ ਸ਼ਾਮ ਨੂੰ ਤਕਰੀਬਨ 8. 25 ਵਜੇ ਫੇਸ ਬੁੱਕ ‘ਤੇ ਲਾਈਵ ਵੀਡੀਓ ਪਾਈ। ਤਕਰੀਬਨ 52 ਮਿੰਟਾਂ ਦੀ ਇਸ ਵੀਡੀਓ ‘ਚ ਹੁੰਦਲ ਨੇ ਬੂਟਾ ਸਿੰਘ ਬਾਸੀ ਸੰਪਾਦਕ ਸਾਂਝੀ ਸੋਚ ਨੂੰ ਭੰਡਿਆ ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਹੁੰਦਲ ਨੇ ਕਿਹਾ ਕਿ ਬੂਟਾ ਬਾਸੀ ਅਸੀਂ ਪਹਿਲਾਂ ਵੀ ਤੇਰੀਆਂ ਲੱਤਾਂ-ਬਾਹਾਂ ਤੋੜੀਆਂ ਸਨ ਤੇ ਜੁੱਤੀਆਂ ਮਾਰੀਆਂ ਸਨ। ਅਗਾਂਹ ਵੀ ਤੇਰਾ ਇਹ ਹਾਲ ਕਰਾਂਗੇ ਕਿ ਤੂੰ ਬੋਲਕੇ ਦੱਸਣਯੋਗਾ ਵੀ ਨਹੀਂ ਰਹੇਂਗਾ ਕਿ ਤੇਰੇ ਨਾਲ ਕੀ ਹੋਇਆ ਹੈ। ਹੁੰਦਲ ਨੇ ਕੁਝ ਅਕਾਲੀ ਵਰਕਰਾਂ ਤੇ ਆਪਣੇ ਹਮਾਇਤੀਆਂ ਦੇ ਨਾਂ ਵੀ ਲਏ ਜਿਨ•ਾਂ ਬਾਰੇ ਉਸ ਨੇ ਦਾਅਵਾ ਕੀਤਾ ਕਿ ਇਹ ਲੋਕ ਉਸ ਦੇ ਨਾਲ ਹਨ। ਉਸ ਨੇ ਬੂਟਾ ਸਿੰਘ ਬਾਸੀ ਨੂੰ ਧਮਕੀ ਦਿੰਦਿਆਂ ਕਿਹਾ ਕਿ ਅਕਾਲੀ ਦਲ ਦੇ ਯੋਧੇ ਦੇਸ਼ ਵਿਦੇਸ਼ ਵਿਚ ਬੈਠੇ ਹਨ ਜੇ ਤੂੰ ਹੁਣ ਅਕਾਲੀ ਦਲ ਵਿਰੁੱਧ ਬੋਲਿਆ ਤਾਂ ਇਹ ਯੋਧੇ ਤੈਨੂੰ ਨਜਿੱਠਣ ਲਈ ਤਿਆਰ ਬੈਠੇ ਹਨ। ਇਸ ਵੀਡਓ ਵਿਚ ਹੁੰਦਲ ਨੇ 19 ਮਈ 2015 ਨੂੰ ਬੂਟਾ ਸਿੰਘ ਬਾਸੀ ਉਪਰ ਹੋਏ ਹਮਲੇ ਦੀ ਜਿੰਮੇਵਾਰੀ ਵੀ ਲਈ ਹੈ। ਇਸ ਉਪਰੰਤ ਬੂਟਾ ਸਿੰਘ ਬਾਸੀ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਤੇ ਵੀ.ਡੀ.ਓ ਦੀ ਕਾਪੀ ਆਪਣੇ ਕੋਲ ਸਾਂਭ ਲਈ। 10 ਅਪ੍ਰੈਲ 2017 ਨੂੰ ਸੁਪੀਰੀਅਰ ਕੋਰਟ ਆਫ ਸਟੈਨਸਲਾਸ ਕਾਊਂਟੀ ਮੋਡੈਸਟੋ ‘ਚ ਰੀਸਟਰੇਨਿੰਗ ਆਰਡਰ ਲੈਣ ਲਈ ਕੇਸ ਪਾਇਆ। ਮਾਣਯੋਗ ਅਦਾਲਤ ਨੇ ਉਸ ਦਿਨ ਆਰਜੀ ਰੀਸਟਰੇਨਿੰਗ ਆਰਡਰ ਜਾਰੀ ਕਰਕੇ ਅਗਲੀ ਸੁਣਵਾਈ 2 ਮਈ 2017 ਪਾ ਦਿੱਤੀ। ਇਸ ਉਪਰੰਤ ਸੁਣਵਾਈ 31 ਮਈ ‘ਤੇ ਪਾ ਦਿੱਤੀ। ਇਸ ਦਿਨ ਗਵਾਹੀਆਂ ਹੋਈਆਂ ਤੇ ਸਬੂਤ ਪੇਸ਼ ਕੀਤੇ ਗਏ। 6 ਜੂਨ ਨੂੰ ਫਿਰ ਗਵਾਹੀਆਂ ਹੋਈਆਂ। ਨਰਿੰਦਰ ਪਾਲ ਸਿੰਘ ਹੁੰਦਲ ਨੇ ਆਪਣੇ ਵੱਲੋਂ ਅਮ੍ਰਿਤਪਾਲ ਸਿੰਘ ਸੰਧੂ ( ਜਿਸ ਨੂੰ ਪਹਿਲਾਂ ਹੀ ਬੂਟਾ ਸਿੰਘ ਬਾਸੀ ਨੇ 19 ਮਈ 2015 ਨੂੰ ਆਪਣੇ ਉਪਰ ਹੋਏ ਹਮਲੇ ਦੇ ਮਾਮਲੇ ਵਿਚ ਧਿਰ ਬਣਾਇਆ ਹੋਇਆ ਹੈ) ਤੇ ਕੁਲਵੰਤ ਸਿੰਘ ਖਹਿਰਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੈਸਟ ਕੋਸਟ ਅਮਰੀਕਾ ਨੂੰ ਗਵਾਹ ਵਜੋਂ ਪੇਸ਼ ਕੀਤਾ। ਗਵਾਹਾਂ ਨੇ ਬੂਟਾ ਸਿੰਘ ਬਾਸੀ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਨ ਤੇ ਹੁੰਦਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਹੁੰਦਲ ਨੇ ਵੀ ਆਪਣੇ ਬਿਆਨ ਦਰਜ ਕਰਵਾਏ। ਬਾਸੀ ਵੱਲੋਂ ਪਰਮਜੀਤ ਸਿੰਘ ਦਾਖਾ ਪ੍ਰਧਾਨ ਦਲ ਖਾਲਸਾ ਅਲਾਇੰਸ ਤੇ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੈਸਟ ਕੋਸਟ ਅਮਰੀਕਾ ਨੂੰ ਗਵਾਹ ਵਜੋਂ ਪੇਸ਼ ਕੀਤਾ। ਬੂਟਾ ਸਿੰਘ ਬਾਸੀ ਨੇ ਦਰਜ ਕਰਵਾਏ ਆਪਣੇ ਬਿਆਨਾਂ ਵਿਚ ਹੁੰਦਲ ਤੇ ਉਸ ਦੇ ਸਮਰਥਕਾਂ ਕੋਲੋਂ ਆਪਣੀ ਜਾਨ ਨੂੰ ਖਤਰਾ ਦਸਿਆ। ਪਰਮਜੀਤ ਸਿੰਘ ਦਾਖਾ ਨੇ ਕੁਲਵੰਤ ਸਿੰਘ ਖਹਿਰਾ ਦੇ ਬਿਆਨਾਂ ਨੂੰ ਰੱਦ ਕੀਤਾ। ਮਾਣਯੋਗ ਜੱਜ ਨੇ ਦੋਨਾਂ ਪੱਖਾਂ ਦੀਆਂ ਦਲੀਲਾਂ ਸੁਨਣ ਉਪਰੰਤ ਬਾਸੀ ਦੇ ਪੱਖ ਨੂੰ ਸਹੀ ਮੰਨਦਿਆਂ ਨਰਿੰਦਰ ਪਾਲ ਸਿੰਘ ਹੁੰਦਲ ਉਪਰ 5 ਸਾਲ ਲਈ ਅਰਥਾਤ 6 ਜੂਨ 2022 ਤੱਕ ਰੀਸਟਰੇਨਿੰਗ ਆਰਡਰ ਲਾਉਣ ਦਾ ਆਦੇਸ਼ ਸੁਣਾਇਆ ਜਿਸ ਤਹਿਤ ਹੁੰਦਲ 100 ਯਾਰਡ (300 ਫੁੱਟ) ਦੂਰ ਰਹੇਗਾ। ਹੁੰਦਲ ਸਿੱਧੇ ਜਾਂ ਅਸਿੱਧੇ ਤੌਰ ‘ਤੇ ਬਾਸੀ ਨਾਲ ਸੰਪਰਕ ਨਹੀਂ ਕਰ ਸਕੇਗਾ। ਉਹ ਈ ਮੇਲ ਜਾਂ ਫੋਨ ਨਹੀਂ ਕਰ ਸਕੇਗਾ। ਹੁੰਦਲ, ਬੂਟਾ ਬਾਸੀ ਦੀ ਕਾਰ ਜਾਂ ਘਰ ਦੇ ਨੇੜੇ ਵੀ ਨਹੀਂ ਜਾ ਸਕਦਾ। ਜੇਕਰ ਹੁੰਦਲ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਜੇਲ• ਤੇ ਜੁਰਮਾਨਾ ਵੀ ਹੋ ਸਕਦਾ ਹੈ। ਜੱਜ ਨੇ ਹੁੰਦਲ ਨੂੰ ਆਪਣੇ ਕੋਲ ਰਖੇ ਦੋ ਹਥਿਆਰ ਵੀ ਡੀਲਰ ਕੋਲ ਜਮਾਂ ਕਰਵਾ ਕੇ ਅਦਾਲਤ ਵਿਚ ਸਬੂਤ ਪੇਸ਼ ਕਰਨ ਦਾ ਆਦੇਸ਼ ਵੀ ਦਿੱਤਾ ਹੈ। ਬੂਟਾ ਸਿੰਘ ਬਾਸੀ ਨੇ ਦਸਿਆ ਕਿ ਕੇਸ ਉਪਰ ਉਸ ਦੇ 6000 ਡਾਲਰ ਖਰਚ ਹੋਏ ਹਨ ਜਿਸ ਨੂੰ ਲੈਣ ਵਾਸਤੇ ਉਹ ਅਦਾਲਤ ਵਿਚ ਦਾਅਵਾ (ਕਲੇਮ) ਦਾਇਰ ਕਰਨਗੇ।

Be the first to comment

Leave a Reply