ਨਵੀਂ ਉਦਯੋਗਿਕ ਨੀਤੀ ਦਾ ਮਸੌਦਾ ਤਿਆਰ ਕਰਨ ਦੇ ਉਦੇਸ਼ ਨਾਲ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਇਕ ਉੱਚ ਪੱਧਰੀ ਹੋਈ ਬੈਠਕ ਹੋਈ

ਜਲੰਧਰ :- ਪੰਜਾਬ ਵਿਚ ਨਵੀਂ ਉਦਯੋਗਿਕ ਨੀਤੀ ਦਾ ਮਸੌਦਾ ਤਿਆਰ ਕਰਨ ਦੇ ਉਦੇਸ਼ ਨਾਲ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਇਕ ਉੱਚ ਪੱਧਰੀ ਬੈਠਕ ਹੋਈ, ਜਿਸ ਵਿਚ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਵੀਂ ਉਦਯੋਗਿਕ ਨੀਤੀ ਵਿਚ ਸੂਬੇ ਦੇ ਮੌਜੂਦਾ ਉਦਯੋਗਾਂ ਨੂੰ ਮੁੜ ਜਿਉਂਦੇ ਕਰਨ ਵਲ ਧਿਆਨ ਦਿੱਤਾ ਜਾਵੇ। ਸਰਕਾਰ ਉਦਯੋਗਾਂ ਨੂੰ ਉਤਸ਼ਾਹਿਤ ਕਰੇ ਤੇ ਉਦਯੋਗ ਤੇ ਵਪਾਰਕ ਘਰਾਣਿਆਂ ਨੂੰ ਆਪਣਾ ਭਾਈਵਾਲ ਸਮਝੇ। ਉਨ੍ਹਾਂ ਨੂੰ ਸ਼ੱਕ ਦੀ ਨਜ਼ਰ ਨਾਲ ਨਾ ਦੇਖਿਆ ਜਾਵੇ। ਸਰਕਾਰ ਨੂੰ ਉਦਯੋਗਾਂ ਖਾਸ ਤੌਰ ‘ਤੇ ਛੋਟੇ ਤੇ ਦਰਮਿਆਨੇ ਉਦਯੋਗਾਂ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ। ਨਵੀਂ ਨੀਤੀ ਵਿਚ 4 ਨਵੇਂ ਉਦਯੋਗਿਕ ਪਾਰਕ ਤੇ 10 ਇੰਡਸਟਰੀਅਲ  ਅਸਟੇਟ ਵੀ ਬਣਾਉਣ ‘ਤੇ ਜ਼ੋਰ ਰਹੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਅਗਲੇ 5 ਸਾਲਾਂ ਵਿਚ 5 ਲੱਖ ਕਰੋੜ ਦੇ ਪੂੰਜੀ ਨਿਵੇਸ ਨੂੰ ਸੂਬੇ ਵਿਚ ਸੱਦਾ ਦਿੱਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਸਰਕਾਰ ਦਾ ਫੋਕਸ ਟੈਕਸਟਾਈਲ, ਸਾਈਕਲ ਤੇ ਸਾਈਕਸ ਪਾਰਟਸ, ਆਟੋਮੋਬਾਈਲ ਤੇ ਆਟੋ ਕੰਪੋਨੈਂਟਸ, ਹਲਕੇ ਇੰਜੀਨੀਅਰਿੰਗ ਉਦਯੋਗ,ਲੈਦਰ ਤੇ ਸਪੋਰਟਸ ਗੁਡਸ, ਪੈਟਰੋ ਕੈਮੀਕਲ ਫੂਡ ਪ੍ਰੋਸੈਸਿੰਗ, ਬਾਇਓ ਟੈਕਨਾਲੋਜੀ, ਐਰੋਸਪੇਸ ਤੇ ਡਿਫੈਂਸ ਵਲ ਰਹੇਗਾ। ਬੈਠਕ ਵਿਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰ, ਮਨਪ੍ਰੀਤ ਬਾਦਲ,ਰਾਣਾ ਗੁਰਜੀਤ ਸਿੰਘ,ਚਰਨਜੀਤ ਚੰਨੀ, ਮੁੱਖ ਮੰਤਰੀ ਦੇ ਚੀਫ  ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੇ ਹੋਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 5 ਸਾਲਾਂ ਤੱਕ ਬਿਜਲੀ ਦਿੱਤੀ ਜਾਣੀ ਚਾਹੀਦੀ ਹੈ। ਰਾਸ਼ਟਰੀ ਕੰਪਨੀਆਂ ਨੂੰ ਪੰਜਾਬ ਵਿਚ ਪੂੰਜੀ ਨਿਵੇਸ਼ ਲਈ ਸੱਦਾ ਦੇਣ ਲਈ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ ‘ਤੇ ਵੀ ਚਰਚਾ ਕੀਤੀ ਗਈ।

Be the first to comment

Leave a Reply