ਨਸ਼ੇ ਦੇ ਸੌਦਾਗਰਾਂ ਨੂੰ ਸਰਪ੍ਰਸਤੀ ਦੇਣ ਸਬੰਧੀ ਦਿੱਤੇ ਬਿਆਨ : ਨੇਤਾ ਸੰਜੇ ਸਿੰਘ

ਲੁਧਿਆਣਾ –  ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਸਿੰਘ ਨੇ ਫਿਰ ਦੁਹਰਾਇਆ ਕਿ ਉਹ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ‘ਤੇ ਨਸ਼ੇ ਦੇ ਸੌਦਾਗਰਾਂ ਨੂੰ ਸਰਪ੍ਰਸਤੀ ਦੇਣ ਸਬੰਧੀ ਦਿੱਤੇ ਬਿਆਨ ‘ਤੇ ਅੱਜ ਵੀ ਕਾਇਮ ਹਨ।
ਪੰਜਾਬ ‘ਚ ਪਿਛਲੇ ਲੰਮੇ ਸਮੇਂ ਦੌਰਾਨ ਨਸ਼ੇ ਦੇ ਸੌਦਾਗਰਾਂ ਨੇ ਜਿਸ ਤਰ੍ਹਾਂ ਬਿਕਰਮ ਸਿੰਘ ਮਜੀਠੀਆ ਦੀ ਸਰਪ੍ਰਸਤੀ ਵਿਚ ਨੌਜਵਾਨਾਂ ਨੂੰ ਬਰਬਾਦ ਕੀਤਾ, ਹੁਣ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਉਨ੍ਹਾਂ ‘ਤੇ ਕਾਰਵਾਈ ਕਰਨ ਪਰ ਅਮਰਿੰਦਰ ਸਰਕਾਰ ਦਾ ਰਵੱਈਆ ਵੀ ਪਹਿਲਾਂ ਵਾਲੀ ਸਰਕਾਰ ਵਰਗਾ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਦੱਸਣ ਕਿ ਪਿਛਲੇ 100 ਦਿਨ ਤੋਂ ਜ਼ਿਆਦਾ ਦੇ ਸਾਸ਼ਨਕਾਲ ‘ਚ ਅਮਰਿੰਦਰ ਸਰਕਾਰ ਨੇ ਪਹਿਲੀ ਸਰਕਾਰ ‘ਚ ਹੋਏ ਗਲਤ ਕੰਮਾਂ ‘ਚ ਕਿਸ ‘ਤੇ ਕਾਰਵਾਈ ਕੀਤੀ ਹੈ। ਸੰਜੇ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਬਿਲਕੁਲ ਫੇਲ ਸਾਬਿਤ ਹੋਈ ਹੈ ਅਤੇ ਇਹ ਨਾ ਤਾਂ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਸਕੀ ਨਾ ਹੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਕੀ। ਉਲਟਾ ਰਾਜ ‘ਚ ਕਾਨੂੰਨ ਵਿਵਸਥਾ ਦੀ ਹਾਲਤ ਬਦਤਰ ਹੁੰਦੀ ਜਾ ਰਹੀ ਹੈ। ਪਾਦਰੀ ਹੱਤਿਆਕਾਂਡ ਇਸਦਾ ਇਕ ਤਾਜਾ ਨਤੀਜਾ ਹੈ। ‘ਆਪ’ ਨੇਤਾ ਨੇ ਕਿਹਾ ਕਿ ਅਮਰਿੰਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਕੇਵਲ ਇਨਾਮਾਂ ਦਾ ਐਲਾਨ ਕਰਨ ਦੀ ਬਜਾਏ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਰਾਜ ‘ਚ ਕਾਨੂੰਨ ਵਿਵਸਥਾ ਦੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ।  ਨਵਜੋਤ ਸਿੱਧੂ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਾਰਵਾਈ ਕਰਨ ਬਾਰੇ ਪੁੱਛਿਆ ਤਾਂ ਸਿੱਧੂ ਆਪਣੇ ਮੰਤਰੀ ਦੇ ਕੀਤੇ ਭ੍ਰਿਸ਼ਟਾਚਾਰ ‘ਤੇ ਕਿਉਂ ਨਹੀਂ ਬੋਲ ਰਹੇ। ਪਹਿਲਾਂ ਹੋਏ ਭ੍ਰਿਸ਼ਟਾਚਾਰ ‘ਤੇ ਕਾਰਵਾਈ ਕਰਨਾ ਚੰਗੀ ਗੱਲ ਹੈ ਪਰ ਕੇਵਲ ਬਿਆਨ ਦੇਣ ਦੀ ਬਜਾਏ ਉਨ੍ਹਾਂ ਨੂੰ ਕਦਮ ਚੁੱਕਣੇ ਚਾਹੀਦੇ ਹਨ। ਹੁਣ ਤਾਂ ਉਨ੍ਹਾਂ ਦੀ ਆਪਣੀ ਸਰਕਾਰ ਹੈ, ਉਨ੍ਹਾਂ ਨੂੰ ਕਿਸ ਨੇ ਰੋਕਿਆ ਹੈ। ਸੰਜੇ ਸਿੰਘ ਨੇ ਕੇਂਦਰ ਸਰਕਾਰ ਦੀ ਵਿਦੇਸ਼ ਨੀਤੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਚੀਨ, ਪਾਕਿ ਅਤੇ ਕਸ਼ਮੀਰ ਮੁੱਦੇ ‘ਤੇ ਕੇਵਲ ਬੜਬੋਲਾਪਨ ਜ਼ਾਹਿਰ ਕਰਨ ਤੋਂ ਇਲਾਵਾ ਕੁਝ ਨਹੀਂ ਕਰ ਸਕੀ ਅਤੇ ਦੇਸ਼ ‘ਚ ਅੰਦਰੂਨੀ ਸੁਰੱਖਿਆ ਨੀਤੀ ‘ਚ ਫੇਲ ਸਾਬਿਤ ਹੋਈ ਹੈ।
ਮਜੀਠੀਆ ਮਾਣਹਾਨੀ ਮਾਮਲਾ
ਸੰਜੇ ਸਿੰਘ ਨੇ ਈ. ਡੀ. ਤੋਂ ਜਗਦੀਸ਼ ਭੋਲਾ ਦਾ ਰਿਕਾਰਡ ਅਦਾਲਤ ‘ਚ ਤਲਬ ਕਰਨ ਦੀ ਲਾਈ ਅਰਜ਼ੀ
ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਉਸ ਸਮੇਂ ਦੇ ਇੰਚਾਰਜ ਸੰਜੇ ਸਿੰਘ ਖਿਲਾਫ ਕੀਤੇ ਗਏ ਮਾਣਹਾਨੀ ਦੇ ਮਾਮਲੇ ਦੀ ਅਗਲੀ ਸੁਣਵਾਈ 23 ਅਗਸਤ ਨੂੰ ਹੋਵੇਗੀ।
ਉਕਤ ਮਾਮਲੇ ਵਿਚ ਅੱਜ ਸੰਜੇ ਸਿੰਘ ਆਪਣੇ ਵਕੀਲ ਸਮੇਤ ਜਗਜੀਤ ਸਿੰਘ ਦੀ ਅਦਾਲਤ ਵਿਚ ਪੇਸ਼ ਹੋਏ ਅਤੇ ਮਾਣਯੋਗ ਜੱਜ ਨੇ ਮਾਮਲੇ ਦੀ ਅਗਲੀ ਸੁਣਵਾਈ 23 ਅਗਸਤ ਲਈ ਅੱਗੇ ਪਾ ਦਿੱਤੀ। ਅਦਾਲਤ ‘ਚ ਸੰਜੇ ਸਿੰਘ ਦੇ ਵਕੀਲ ਵੱਲੋਂ ਪੰਜਾਬ ਪੁਲਸ ਦੇ ਸਾਬਕਾ ਡੀ. ਐੱਸ. ਪੀ. ਜਗਦੀਸ਼ ਭੋਲਾ ਨਾਲ ਸਬੰਧਤ ਈ. ਡੀ. ਦੇ ਕੋਲ ਮਜੀਠੀਆ ਖਿਲਾਫ ਸਾਰਾ ਰਿਕਾਰਡ ਅਦਾਲਤ ‘ਚ ਤਲਬ ਕਰਨ ਦੀ ਅਰਜ਼ੀ ਲਾਈ ਗਈ ਸੀ, ਜਿਸ ‘ਤੇ ਹੁਣ ਵਕੀਲਾਂ ਦੀ ਬਹਿਸ ਬਾਕੀ ਹੈ, ਜੋ ਅੱਜ ਨਹੀਂ ਹੋ ਸਕੀ, ਜਿਸ ‘ਤੇ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 23 ਅਗਸਤ ਨੂੰ ਰੱਖੀ ਹੈ। ਉਥੇ ਬਿਕਰਮ ਸਿੰਘ ਮਜੀਠੀਆ ਦੀ ਅਦਾਲਤ ਵੱਲੋਂ ਹਾਜ਼ਰੀ ਮੁਆਫੀ ਕੀਤੇ ਜਾਣ ਕਾਰਨ ਉਹ ਅਦਾਲਤ ‘ਚ ਪੇਸ਼ ਨਹੀਂ ਹੋਏ।

Be the first to comment

Leave a Reply