ਨਾਟਕ “ਕਿਸਾਨ ਖ਼ੁਦਕੁਸ਼ੀ ਦੇ ਮੋੜ ਤੇ” ਦਾ ਫਰਿਜ਼ਨੋ ਵਿਖੇ ਸਫਲ ਮੰਚਨ..!

ਫਰਿਜ਼ਨੋ (ਕੈਲੇਫੋਰਨੀਆੰ) ਨੀਟਾ ਮਾਛੀਕੇ / ਕੁਲਵੰਤ ਧਾਲੀਆੰ- ਪੰਜਾਬ ਦੇ ਕਿਸਾਨ ਦੀ ਆਰਥਿਕ ਤੇ ਸਮਾਜਿਕ ਦੁਰਦਸ਼ਾ ਨੂੰ ਬਿਆਨਦਾ ਅਸ਼ੋਕ ਟਾੰਗਰੀ ਦੁਆਰਾ ਨਿਰਦੇਸ਼ਤ ਤੇ ਤਾਰਾ ਸਾਗਰ ਦੀ ਪੇਸ਼ਕਸ਼ ਨਾਟਕ ਕਿਸਾਨ ਖ਼ੁਦਕੁਸ਼ੀ ਦੇ ਮੋੜ ਤੇ ਫਰਿਜ਼ਨੋ ਦੇ ਵੈਟਰਨ ਮਮੋਰੀਅਲ ਹਾਲ ਵਿੱਚ ਖੇਡਿਆ ਗਿਆ। ਬਾ-ਕਮਾਲ ਪੇਸ਼ਕਾਰੀ..! ਇੱਕ ਕਿਸਾਨ ਦੇ ਜੀਵਨ ਦਾ ਐਸਾ ਚਿਤਰਨ ਸਿਰਜਿਆ ਕਿ ਦਰਸ਼ਕ ਬਹੁਤ ਵਾਰੀ ਰੋਏ ਤੇ ਬਹੁਤ ਵਾਰੀ ਹੱਸੇ। ਟਾੰਗਰੀ ਸਾਬ੍ਹ ਨੇ ਖ਼ੁਦ ਇੱਕ ਅਮਲੀ ਦਾ ਰੋਲ ਕੀਤਾ ਜਿਸਨੂੰ ਨੂੰ ਉਹਨਾੰ ਬਹੁਤ ਸ਼ਿੱਦਤ ਨਾਲ ਨਿਭਾਇਆ। ਜਸਵੰਤ ਸਾਦ ਨੇ ਨਾਟਕ ਦੇ ਮੁੱਖ ਪਾਤਰ ਜਾਣੀ ਕਿਸਾਨ ਦਾ ਰੋਲ ਕਰਕੇ ਨਾਟਕ ਵਿੱਚ ਨਵੀੰ ਰੂਹ ਫੂਕ ਦਿੱਤੀ। ਡਿੰਪਲ ਬੈੰਸ ਜਿਨਾੰ ਨੇ ਕਿਸਾਨ ਦੀ ਪਤਨੀ ਦਾ ਰੋਲ ਕੀਤਾ ਉਹਨਾੰ ਵੀ ਆਪਣੀ ਐਕਟਿੰਗ ਪੱਖੋੰ ਕੋਈ ਕਸਰ ਬਾਕੀ ਨਹੀੰ ਛੱਡੀ । ਸੋਨੂੰ ਬੈੰਸ ਵੀ ਭੱਇਏ ਦੇ ਰੋਲ ਚੋ ਪੂਰਾ ਜਚਿਆ। ਜੱਸੀ ਢਿੱਲੋੰ ਜਿਸਨੇ ਕਿਸਾਨ ਦੇ ਬੇਟੇ ਦਾ ਰੋਲ ਕੀਤਾ ਤੇ ਅਦਾਕਾਰੀ ਦੀ ਇੱਕ ਵੱਖਰੀ ਸ਼ਾਪ ਛੱਡ ਗਿਆ।ਬੱਚੀ ਜਾਨਵੀ ਬੈੰਸ ਨੇ ਕਿਸਾਨ ਦੀ ਲੜਕੀ ਦਾ ਰੋਲ ਬਾਖੂਬੀ ਅਦਾ ਕੀਤਾ। ਸੈੱਟ ਐਨਾੰ ਜ਼ਬਰਦਸਤ ਲਾਇਆ ਸੀ ਕਿ ਵਾਕਿਆ ‘ਚ ਪੰਜਾਬ ਦੇ ਕਿਸੇ ਘਰ ਦਾ ਭੁਲੇਖਾ ਪਾਉਂਦਾ ਸੀ। ਕਿਸਾਨ ਦੇ ਜੀਵਨ ਦੇ ਆਲੇ ਦੁਆਲਾ ਘੁੰਮਦਾ ਇਹ ਨਾਟਕ ਇੱਕ ਵਾਰ ਤਾੰ ਹਰ ਦਰਸ਼ਕ ਨੂੰ ਸੱਚੀ ਪੰਜਾਬ ਲੈ ਗਿਆ । ਨਾਟਕ ਓਹੀ ਹੁੰਦਾ ਜੋ ਦਰਸ਼ਕ ਨੂੰ ਉੰਗਲ ਫੜਕੇ ਨਾਲ ਤੋਰ ਲਵੇ। ਸੁਰੂ ਤੋੰ ਲੈਕੇ ਅਖੀਰ ਤੱਕ ਹਰ ਇੱਕ ਸੀਨ ਤੇ ਦਰਸ਼ਕਾੰ ਨੇ ਆਪ ਮੁਹਾਰੇ ਤਾੜੀਆਂ ਮਾਰੀਆੰ। ਇਸ ਨਾਟਕ ਵਿੱਚ ਵਿਖਾਇਆ ਗਿਆ ਕਿ ਕਿਵੇੰ ਇੱਕ ਕਿਸਾਨ ਦਾ ਹੱਸਦਾ ਵਸਦਾ ਘਰ ਕੁਝ ਸਰਕਾਰਾਂ, ਕੁਝ ਕੁ ਸਮਾਜ ਤੇ ਕੁਝ ਕੁ ਓਹਦੀਆੰ ਆਪਣੀਆੰ ਗਲਤੀਆੰ ਕਰਕੇ ਇੱਕ ਤਰਾੰ ਨਾਲ ਉੱਜੜ ਜਾੰਦਾ ਹੈ।ਧੀਆੰ ਪੁਤਰਾੰ ਦੇ ਵਿਆਹਾਂ ਦਾ ਕਰਜ਼ਾ ਤੇ ਮੰਡੀਆੰ ਵਿੱਚ ਹੁੰਦੀ ਕਿਸਾਨ ਦੀ ਸਰਕਾਰੀ ਲੁੱਟ ਹੀ ਕਿਸਾਨ ਦੇ ਗਲ੍ਹ ਦਾ ਫੰਦਾ ਬਣ ਜਾੰਦੀ ਹੈ। ਡਾਕਟਰ ਹਰਮੇਸ਼ ਅਤੇ ਗੁਰਦੀਪ ਸ਼ੇਰਗਿੱਲ ਵੀ ਸਟੇਜ ਤੋੰ ਮੁਖਾਤਿਬ ਹੋਏ। ਸਟੇਜ ਸੰਚਾਲਨ ਉੱਘੇ ਸ਼ਾਇਰ ਹਰਜਿੰਦਰ ਕੰਗ ਨੇ ਕੀਤਾ। ਅਖੀਰ ਅਮਿੱਟ ਪੈੜਾੰ ਛੱਡਦਾ ਇਹ ਪਲੇਅ ਯਾਦਗਾਰੀ ਹੋ ਨਿਬੜਿਆ। ਇਕੱਲੇ ਇਕੱਲੇ ਕਿਰਦਾਰ ਨੂੰ ਜਿਸ ਤਰੀਕੇ ਨਾਲ ਸਭਨਾੰ ਕਲਾਕਾਰਾਂ ਨੇ ਨਿਭਾਇਆ ਸਭ ਦੀ ਸਿਫ਼ਤ ਕਰਨੀ ਬਣਦੀ ਹੈ। ਇਹ ਨਾਟਕ ਜੀ ਐਚ ਜੀ ਅਕੈਡਮੀ ਤੇ ਇੰਡੋ ਯੂ ਐਸ ਹੈਰੀਟੇਜ ਤੇ ਇੰਡੋ ਅਮੈਰਕਿਨ ਹੈਰੀਟੇਜ ਦੇ ਸਹਿਯੋਗ ਨਾਲ ਨੇਪਰੇ ਚੜਿਆ।

Be the first to comment

Leave a Reply