ਨਾਟਕ ਧਰਾਬੀ-1947 ਦੀ ਪੇਸ਼ਕਾਰੀ ਪੰਜਾਬੀ ਯੂਨੀਵਰਸਿਟੀ ਵਿਖੇ

ਪਟਿਆਲਾ (ਸਾਂਝੀ ਸੋਚ ਬਿਊਰੋ ) ਥੀਏਟਰ ਅਤੇ ਟੈਲੀਵਿਜ਼ਨ ਵਿਭਾਗ ਵਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਦੇ ਵਿਤੀ ਸਹਿਯੋਗ ਨਾਲ ਡਾ.ਸਰਬਜਿੰਦਰ ਸਿੰਘ ਦੀ ਪੁਰਸਕ੍ਰਿਤ ਅਤੇ ਸ਼ਾਹਕਾਰ ਕ੍ਰਿਤ ਦੀਜੈ ਬੁਧਿ ਬਿਬੇਕਾ ਉੱਤੇ ਅਧਾਰਿਤ ਨਾਟਕ ਧਰਾਬੀ-1947 ਦੀ ਸ਼ਾਰਲਟ ਔਜਲਾ ਆਡੀਟੌਰੀਅਮ, ਕਲਾ ਭਵਨ,ਪੰਜਾਬੀ ਯੂਨੀਵਰਸਿਟੀ,ਪਟਿਆਲਾ ਵਿਖੇ ਪੇਸ਼ਕਾਰੀ ਕੀਤੀ ਗਈ।

ਡਾ.ਸਿੰਘ ਦੀ ਇਹ ਪੁਸਤਕ ਅਤੇ ਇਹ ਨਾਟਕ ਪਿੰਡ ਧਰਾਬੀ, ਮਨੁੱਖੀ ਭਾਈਚਾਰੇ ਅਤੇ ਮੁਸਲਮਾਨਾਂ ਦੀ ਸ਼ਾਨਾਮੱਤੀ ਦਾਸਤਾਨ ਹੈ। ਇਹ ਕਹਾਣੀ ਤਿੰਨ ਨੌਜਵਾਨਾਂ ਮੋਹਣੇ, ਚਿਰਾਗੇ ਅਤੇ ਪ੍ਰੀਤਮ ਦੀ ਪਾਕੀਜ਼ ਮੁਹੱਬਤ ਨੂੰ ਜਨਸਮੂਹ ਦੇ ਰੂ ਬਰੂ ਕਰਦੀ ਹੈ। ਮੋਹਣੇ,ਚਿਰਾਗੇ ਇਸ ਪੇਸ਼ਕਾਰੀ ਵਿਚ ਨਾਟਕਕਾਰੀ,ਗੀਤਕਾਰੀ ਅਤੇ ਨਿਰਦੇਸ਼ਨ ਡਾ.ਗੁਰਪ੍ਰੀਤ ਸਿੰਘ ਰਟੋਲ, ਮੰਚ ਸੱਜਾ ਅਤੇ ਰੋਸ਼ਨੀ ਵਿਉਂਤ ਪ੍ਰਸਿੱਧ ਨਿਰਦੇਸ਼ਕ ਅਤੇ ਵਿਉਂਤਕਾਰ ਕੇਵਲ ਧਾਲੀਵਾਲ, ਵੇਸ਼ਭੂਸ਼ਾ ਵਿਉਂਤ ਡਾ.ਜਸਪਾਲ ਕੌਰ ਦਿਉਲ ਅਤੇ ਸੰਗੀਤ ਗੁਰਜੀਤ ਜੀਤੀ ਨੇ ਸੰਯੋਜਿਤ ਕੀਤਾ ਹੈ।
ਇਹ ਨਾਟਕ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ.ਸਿੰਘ aਬਰਾਏ ਦੇ ਪੜਦਾਦਾ ਸ.ਤੇਜਾ ਸਿੰਘ,ਦਾਦਾ ਹਰਨਾਮ ਸਿੰਘ ਅਤੇ ਪਿਤਾ ਸ.ਪ੍ਰੀਤਮ ਸਿੰਘ ਓਬਰਾਏ ਦੇ ਪਾਕਿਸਤਾਨ ਤੋਂ ਭਾਰਤ ਪਾਕ ਵੰਡ ਦੌਰਾਨ ਉਜਾੜੇ ਦੀ ਕਹਾਣੀ ਹੈ। ਇਸ ਜੀਵੰਤ ਬਿਰਤਾਂਤ ਤੋਂ ਪਤਾ ਚਲਦਾ ਹੈ ਕਿ ਕਿਵੇਂ ਕੈਮਲਪੁਰ(ਪਾਕਿਸਤਾਨ)ਨੇੜੇ ਦੇ ਇਕ ਪਿੰਡ ਧਰਾਬੀ ਦੇ ਮੁਸਲਮਾਨਾਂ ਨੇ ਆਪਣੇ ਪਿੰਡ ਦੇ ਹਿੰਦੂ ਸਿੱਖਾਂ ਨੂੰ ਬਚਾਉਣ ਲਈ ਮਿਸਾਲੀ ਭੂਮਿਕਾ ਨਿਭਾਈ ਸੀ ਤੇ ਸਿਲੇ ਵਜੋਂ ਆਲੇ-ਦੁਆਲੇ ਦੇ ਕਈ ਪਿੰਡਾਂ ਦੇ ਹਿੰਦੂ ਸਿੱਖਾਂ ਨੇ ਵੀ ਆਪਣੇ ਬਚਾਉ ਲਈ ਇਸ ਪਿੰਡ ਵਿਚ ਸ਼ਰਣ ਲੈ ਲਈ ਸੀ। ਸਾਰੇ ਲੋਕਾਂ ਨੂੰ ਫੌਜ ਦੇ ਆਉਣ ਤਕ ਸਹੀ ਸਲਾਮਤ ਪਿੰਡ ਵਿਚ ਰੱਖਿਆ ਗਿਆ ਸੀ।ਨਾਟਕ ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ਕਿਵੇਂ ਵੰਡ ਦੌਰਾਨ ਭੋਲੇ ਭਾਲੇ ਲੋਕਾਂ ਦੀਆਂ ਜ਼ਿੰਦਗੀਆਂ,ਇੱਜ਼ਤਾਂ ਅਤੇ ਰਿਸ਼ਤਿਆਂ ਦਾ ਘਾਣ ਹੋਇਆ। ਮਾਸੂਮ ਬੱਚਿਆਂ ਦੇ ਸੁਪਨੇ ਅਤੇ ਦੋਸਤੀਆਂ ਕਿਵੇਂ ਖਤਮ ਹੋ ਗਈਆਂ।
ਇਸ ਵਿਚ 50 ਦੇ ਕਰੀਬ ਅਦਾਕਾਰਾਂ ਅਤੇ ਕਲਾਕਾਰਾਂ ਨੇ ਕੰਮ ਕੀਤਾ ਹੈ। ਖੂਬਸੂਰਤ ਮੰਚ ਸੱਜਾ,ਰੋਸ਼ਨੀ ਅਤੇ ਵੇਸ਼ਭੂਸ਼ਾ ਨਾਲ ਲਵਰੇਜ਼ ਇਸ ਨਾਟਕ ਵਿਚ ਵਿਦਿਆਰਥੀਆਂ ਦੀ ਅਦਾਕਾਰੀ ਸਲਾਹੁਣਯੋਗ ਹੈ।ਨਾਟਕ ਦ੍ਰਿਸ਼ ਵਿਉਂਤ ਅਤੇ ਰੰਗਮੰਚੀ ਸੰਯੋਜਨਾਂ ਨਾਲ ਕਲਾ ਦਾ ਇਕ ਸੁੰਦਰ ਨਮੂਨਾ ਬਣ ਕੇ ਸਾਹਮਣੇ ਆਉਂਦਾ ਹੈ। ਗੁਰਜੀਤ ਜੀਤੀ ਦਾ ਸੰਗੀਤ ਨਾਟਕ ਵਿਚ ਆਪਣਾ ਸਥਾਨ ਬਣਾਉਂਦਾ ਹੈ। ਰਵੀ ਵਰਮਾ ਦੀ ਟੀਮ ਦੁਆਰਾ ਬਣਾਈ ਪੇਂਟਿੰਗ ਇਸ ਨਾਟਕ ਦੇ ਦ੍ਰਿਸ਼ਗਤ ਕੈਨਵਸ ਨੂੰ ਵਿਸ਼ਾਲ ਕਰਦੀ ਹੈ ਤੇ ਇਸ ਦੇ ਵਿਸ਼ੇ ਨੂੰ ਸੰਪ੍ਰੇਸ਼ਿਤ ਕਰਨ ਵਿਚ ਇਕ ਭੂਮਿਕਾ ਨਿਭਾਉਂਦੀ ਹੈ।ਕੇਵਲ ਧਾਲੀਵਾਲ ਦੀ ਮੰਚ ਅਤੇ ਰੋਸ਼ਨੀ ਵਿਉਂਤ ਨਾਲ ਇਹ ਨਾਟਕ ਦਰਸ਼ਕ ਦੀ ਅੱਖ ਲਈ ਇਕ ਦਾਵਤ ਬਣ ਜਾਂਦਾ ਹੈ।
ਇਸ ਨਾਟਕ ਨੂੰ ਐਮ.ਏ.ਭਾਗ ਪਹਿਲਾ ਅਤੇ ਦੂਜਾ ਦੇ ਵਿਦਿਆਰਥੀਆਂ ਨਾਲ ਤਿਆਰ ਕੀਤਾ ਗਿਆ ਹੈ। ਸ.ਸ਼ੋਭਾ ਸਿੰਘ ਫਾਈਨ ਆਰਟਸ ਵਿਭਾਗ ਦੇ ਵਿਦਿਆਰਥੀਆਂ ਨੇ ਇਸ ਨਾਟਕ ਲਈ ਅਣਥੱਕ ਮਿਹਨਤ ਕੀਤੀ ਹੈ।ਉਨ੍ਹਾਂ ਵਲੋਂ 32 ਫੁੱਟ ਚੌੜੀ ਅਤੇ 22 ਫੁੱਟ ਉਚੀ ਇਕ ਪੇਟਿੰਗ ਸੈਟ ਵਾਸਤੇ ਤਿਆਰ ਕੀਤੀ ਗਈ ਹੈ।
ਇਸ ਪੇਸ਼ਕਾਰੀ ਵਿਚ ਮਾਨਯੋਗ ਜਸਟਿਸ ਜਸਪਾਲ ਸਿੰਘ, ਪੰਜਾਬ ਅਤੇ ਹਰਿਆਣਾ ਹਾਈਕੋਰਟ,ਚੰਡੀਗੜ੍ਹ ਬਤੌਰ ਮੁਖ ਮਹਿਮਾਨ ਅਤੇ ਸ੍ਰੀ ਰਾਜੇਸ਼ ਧੀਮਾਨ ਪੀ.ਸੀ.ਐਸ. ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਇਸ ਪੇਸ਼ਕਾਰੀ ਨੂੰ ਸ਼੍ਰੀ ਓਬਰਾਏ ਦਾ ਪਰਿਵਾਰ ਅਤੇ ਉਨ੍ਹਾਂ ਦੇ ਮਾਤਾ ਸ਼੍ਰੀਮਤੀ ਅੰਮ੍ਰਿਤਪਾਲ ਕੌਰ ਵਿਸ਼ੇਸ਼ ਤੌਰ ਤੇ ਦੇਖਣ ਲਈ ਪਹੁੰਚੇ। ਇਸ ਮੌਕੇ ਡਾ.ਇੰਦਰਜੀਤ ਸਿੰਘ ਰਜਿਸਟਰਾਰ, ਡਾ.ਸਰਬਜਿੰਦਰ ਸਿੰਘ, ਡਾ.ਬਲਦੇਵ ਧਾਲੀਵਾਲ, ਡਾ.ਜੋਗਾ ਸਿੰਘ, ਡਾ. ਸਤੀਸ਼ ਕੁਮਾਰ ਵਰਮਾ, ਡਾ.ਸੁਨੀਤਾ ਧੀਰ, ਡਾ.ਗੁਰਚਰਨ ਸਿੰਘ, ਸ.ਜੋਗਿੰਦਰ ਸਿੰਘ ਜੌਹਲ, ਸੰਗੀਤਾ ਗੁਪਤਾ ਅਤੇ ਹੈਰੀ ਸਚਦੇਵਾ ਆਦਿ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਸ਼ਾਮਿਲ ਹੋਈਆਂ। ਡਾ.ਇੰਦਰਜੀਤ ਸਿੰਘ ਨੇ ਇਸ ਪ੍ਰਾਜੈਕਟ ਵਾਸਤੇ ਡਾ.ਓਬਰਾਏ ਅਤੇ ਡਾ.ਦਿਉਲ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਇਸ ਵਿਭਾਗ ਦਾ ਇਕ ਮਾਣਮੱਤਾ ਇਤਿਹਾਸ ਹੈ, ਅੱਜ ਦੀ ਪੇਸ਼ਕਾਰੀ ਵੀ ਉਸੇ ਦੀ ਅਗਲੀ ਕੜੀ ਹੈ। ਵਿਭਾਗ ਦੇ ਮੁਖੀ ਡਾ.ਜਸਪਾਲ ਕੌਰ ਦਿਉਲ ਨੇ ਇਸ ਪ੍ਰਾਜੈਕਟ ਅਤੇ ਸਰਪ੍ਰਸਤੀ ਵਾਸਤੇ ਉਪ-ਕੁਲਪਤੀ, ਡੀਨ ਅਕਾਦਮਿਕ ਮਾਮਲੇ, ਰਜਿਸਟਰਾਰ, ਡਾ.ਓਬਰਾਏ ਅਤੇ ਡਾ.ਸਰਬਜਿੰਦਰ ਸਿੰਘ ਦਾ ਧੰਨਵਾਦ ਕੀਤਾ।

Be the first to comment

Leave a Reply