ਨਾਟੋ ਕਮਾਂਡਰ ਦਾ ਦਾਅਵਾ, ਪਾਕਿਸਤਾਨ ਵੱਲੋਂ ਹੱਕਾਨੀ ਨੈੱਟਵਰਕ ਨੂੰ ਹਮਾਇਤ

ਵਾਸ਼ਿੰਗਟਨ: ਨਾਟੋ ਕਮਾਂਡਰ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਵੱਲੋਂ ਹੱਕਾਨੀ ਨੈੱਟਵਰਕ ਨੂੰ ਹਮਾਇਤ ਮਿਲਦੀ ਆ ਰਹੀ ਹੈ। ਇਸ ਕਰਕੇ ਇਹ ਦਹਿਸ਼ਤਗਰਦ ਜਥੇਬੰਦੀ ਅਫ਼ਗਾਨਿਸਤਾਨ ਵਿੱਚ ਲਗਾਤਾਰ ਹਮਲੇ ਕਰ ਰਹੀ ਹੈ। ਨਾਟੋ ਮਿਲਟਰੀ ਕਮੇਟੀ ਦੇ ਚੇਅਰਮੈਨ ਜਨਰਲ ਪੈਟਰ ਪਾਵੇਲ ਨੇ ਕਿਹਾ ਹੈ ਕਿ ਇਸ ਵੇਲੇ ਹੱਕਾਨੀ ਨੈੱਟਵਰਕ ਦੀ ਤਾਲਿਬਾਨ ਵਿੱਚ ਦੂਜੀ ਪੁਜ਼ੀਸ਼ਨ ਬਣ ਗਈ ਹੈ। ਉਨ੍ਹਾਂ ਕੱਲ੍ਹ ਡਿਫ਼ੈਂਸ ਰਾਈਟਰਜ਼ ਗਰੁਪ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਸੀਂ ਅਜੇ ਵੀ ਦੇਖ ਰਹੇ ਹਾਂ ਕਿ ਹੱਕਾਨੀ ਨੈੱਟਵਰਕ ਨੂੰ ਕਾਫ਼ੀ ਇਮਦਾਦ ਮਿਲ ਰਹੀ ਹੈ, ਖਾਸ ਕਰਕੇ ਸੁਰੱਖਿਅਤ ਪਨਾਹਗਾਹ ਦੇ ਰੂਪ ਵਿੱਚ।’’ ਜਨਰਲ ਪਾਵੇਲ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਹਾਲੀਆ ਕੁਝ ਮਹੀਨਿਆਂ ਵਿੱਚ ਹੱਕਾਨੀ ਨੈੱਟਵਰਕ ਨੇ ਕਈ ਹਮਲੇ ਕੀਤੇ ਹਨ। ਜਨਰਲ ਪਾਵੇਲ ਜੂਨ 2015 ਤੋਂ ਨਾਟੋ ਮਿਲਟਰੀ ਕਮੇਟੀ ਦੇ ਚੇਅਰਮੈਨ ਚਲੇ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਫ਼ਗਾਨ ਅਮਨ ਵਾਰਤਾ ਵਿੱਚ ਪਾਕਿਸਤਾਨ ਦੀ ਅਹਿਮ ਭੂਮਿਕਾ ਹੈ। ਇਸ ਦਾ ਮਤਲਬ ਹੈ ਅਜਿਹਾ ਮਾਹੌਲ ਤਿਆਰ ਕਰਨਾ ਜਿੱਥੇ ਲੜ ਰਹੀਆਂ ਸਾਰੀਆ ਧਿਰਾਂ ਗੱਲਬਾਤ ਦੇ ਮੇਜ਼ ’ਤੇ ਬੈਠ ਸਕਣ।