ਨਾਪਾ ਨੇ ਵਿਦੇਸ਼ ਮੰਤਰੀ ਨੂੰ ਲਿਖਿਆ ਪੱਤਰ – ਪੀੜਤ ਪਰਿਵਾਰਾਂ ਨੂੰ ਸਹੀ ਜਾਣਕਾਰੀ ਦੇਣ ਦੀ ਮੰਗ

ਨਿਊਯਾਰਕ  –  ( ਰਾਜ ਗੋਗਨਾ )-ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ(ਨਾਪਾ) ਨੇ ਭਾਰਤ ਦੀ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਸਾਲ ਜੁਲਾਈ ਮਹੀਨੇ ਵਿਚ ਹੇਮਕੁੰਟ ਨੂੰ ਜਾਣ ਸਮੇਂ ਜਿਹੜੇ ਦੋ ਪਰਵਾਸੀ ਪੰਜਾਬੀਆਂ ਸਮੇਤ ਅੱਠ ਲੋਕ ਲਾਪਤਾ ਹੋ ਗਏ ਸਨ ਉਨ੍ਹਾਂ ਸਬੰਧੀ ਸਹੀ-ਸਹੀ ਜਾਣਕਾਰੀ ਪੀੜਤ ਪਰਿਵਾਰਾਂ ਨੂੰ ਦਿੱਤੀ ਜਾਵੇ।
ਨਾਪਾ ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਨੇ ਦੱਸਿਆ ਕਿ ਇਨ੍ਹਾਂ ਲਾਪਤਾ ਲੋਕਾਂ ਵਿਚੋਂ ਦੋ ਅਮਰੀਕਾ ਦੇ ਰਹਿਣ ਵਾਲੇ ਸਨ ਜਦਕਿ ਛੇ ਹੋਰ ਪੰਜਾਬ ਦੇ ਰਹਿਣ ਵਾਲੇ ਸਨ।ਸ: ਚਾਹਲ ਨੇ ਮੰਤਰੀ ਨੂੰ ਦੱਸਿਆ ਕਿ ਪੀੜਤ ਪਰਿਵਾਰ ਲਾਪਤਾ ਹੋਏ ਆਪਣੇ ਸਕੇ-ਸਬੰਧੀਆਂ ਬਾਰੇ ਪਤਾ ਲਗਾਉਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਪਰ ਅਜੇ ਤਕ ਉਨ੍ਹਾਂ ਨੂੰ ਲਾਪਤਾ ਹੋਏ ਸਬੰਧੀਆਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ।ਸ: ਚਾਹਲ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਅੱਜ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੀ ਸੁਪਰਡੈਂਟ ਆਫ਼ ਪੁਲੀਸ ਮਿਸ ਤਰਿਪਤੀ ਭੱਟ ਨਾਲ ਫ਼ੋਨ ਤੇ ਗੱਲਬਾਤ ਕੀਤੀ ਸੀ ਪਰ ਉਨ੍ਹਾਂ ਨੂੰ ਵੀ ਲਾਪਤਾ ਹੋਏ ਇਨ੍ਹਾਂ ਵਿਅਕਤੀਆਂ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲ ਸਕੀ।
ਸ: ਚਾਹਲ ਨੇ ਇਹ ਵੀ ਦੱਸਿਆ ਕਿ ਪੀੜਤ ਪਰਿਵਾਰਾਂ ਨੇ ਉਨ੍ਹਾਂ ਕੋਲ ਇਸ ਗੱਲ ਦਾ ਇੰਕਸ਼ਾਫ ਵੀ ਕੀਤਾ ਹੈ ਕਿ ਜਿਹੜੇ ਦੋ ਲੋਕਾਂ ਨੇ ਇਨ੍ਹਾਂ ਲਾਪਤਾ ਲੋਕਾਂ ਦੇ ਕਿਸੇ ਹਾਦਸੇ ਵਿਚ ਮਾਰੇ ਜਾਣ ਦੀ ਘਟਨਾ ਦੀ ਨਿਸ਼ਾਨਦੇਹੀ ਕੀਤੀ ਹੈ ਉਹ ਕਿਸੇ ਵੀ ਪੀੜਤ ਪਰਿਵਾਰ ਦੇ ਮੈਂਬਰ ਨਹੀਂ ਸਨ ਜਿਸ ਕਰਕੇ ਇਹ ਸਾਰੀ ਘਟਨਾ ਸ਼ੱਕ ਦੇ ਘੇਰੇ ਵਿਚ ਆਉਂਦੀ ਹੈ।ਸ: ਚਾਹਲ ਨੇ ਇਹ ਵੀ ਦੱਸਿਆ ਕਿ ਪੁਲੀਸ ਨੇ ਅਜੇ ਤਕ ਕਿਸੇ ਵੀ ਪੀੜਤ ਪਰਿਵਾਰ ਪਾਸੋਂ ਲਾਪਤਾ ਹੋਏ ਵਿਅਕਤੀਆਂ ਬਾਰੇ ਕਿਸੇ ਵੀ ਕਿਸਮ ਦੀ ਜਾਣਕਾਰੀ ਪ੍ਰਾਪਤ ਨਹੀਂ ਕੀਤੀ ਤੇ ਬਗੈਰ ਜਾਣਕਾਰੀ ਦੇ ਪੁਲੀਸ ਕਿਸ ਤਰਾਂ ਕਿਸੇ ਨਤੀਜੇ ਤੇ ਪਹੁੰਚ ਸਕਦੀ ਹੈ।ਸ: ਚਾਹਲ ਨੇ ਉਤਰਾਖੰਡ ਪੁਲੀਸ ਪ੍ਰਸ਼ਾਸਨ ਤੇ ਦੋਸ਼ ਲਾਇਆ ਕਿ ਪੁਲੀਸ ਲਾਪਤਾ ਹੋਏ ਵਿਅਕਤੀਆਂ ਦੀ ਠੀਕ-ਠੀਕ ਜਾਣਕਾਰੀ ਦੇਣ ਵਿਚ ਬੁਰੀ ਤਰ੍ਹਾਂ ਅਸਫ਼ਲ ਰਹੀ ਹੈ ਜਿਸ ਲਈ ਸਰਕਾਰ ਨੂੰ ਜ਼ਿੰਮੇਵਾਰ ਅਫ਼ਸਰਾਂ ਵਿਰੁੱਧ ਆਪਣੇ ਕੰਮ ਵਿਰੁੱਧ ਅਣਗਹਿਲੀ ਵਰਤਣ ਦੇ ਕਾਰਨ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਸ: ਚਾਹਲ ਨੇ ਅਜਿਹਾ ਹੀ ਇੱਕ ਪੱਤਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਲਿਖ ਕੇ ਇਸ ਸਾਰੇ ਮਾਮਲੇ ਨੂੰ ਉਤਰਾਖੰਡ ਦੇ ਮੁੱਖ ਮੰਤਰੀ ਕੋਲ ਉਠਾਉਣ ਲਈ ਵੀ ਬੇਨਤੀ ਕੀਤੀ ਹੈ ਤਾਂ ਕਿ ਪੀੜਤ ਪਰਿਵਾਰਾਂ ਨੂੰ ਜਲਦੀ ਤੋਂ ਜਲਦੀ ਲਾਪਤਾ ਹੋਏ ਆਪਣੇ ਸਬੰਧੀਆਂ ਬਾਰੇ ਠੀਕ ਠੀਕ ਜਾਣਕਾਰੀ ਮਿਲ ਸਕੇ।

Be the first to comment

Leave a Reply