ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਦੀ ਸੂਚੀ ਵਿੱਚ ਚਾਰ ਭਾਰਤੀਆਂ ਨੇ ਥਾਂ ਬਣਾਈ

ਆਕਲੈਂਡ – ਨਿਊਜ਼ੀਲੈਂਡ ਦੀ ਸੱਤਾਧਾਰੀ ਨੈਸ਼ਨਲ ਪਾਰਟੀ ਦੇ ਪ੍ਰਧਾਨ ਪੀਟਰ ਗੁੱਡਫੈਲੋ ਨੇ 23 ਸਤੰਬਰ ਨੂੰ ਦੇਸ਼ ਦੀਆਂ ਅਗਲੀਆਂ ਆਮ ਚੋਣਾਂ ਵਿੱਚ ਖੜੋਣ ਵਾਲੇ ਅਤੇ ਲਿਸਟ ਸ਼੍ਰੇਣੀ ਦੇ ਆਪਣੇ 75 ਮੈਂਬਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਭਾਰਤੀ ਭਾਈਟਾਰੇ ਦੀ ਨੁਮਾਇੰਦਗੀ ਲਈ ਚਾਰ ਉਮੀਦਵਾਰਾਂ ਦਾ ਨਾਂ ਇਸ ਵਿੱਚ ਸ਼ਾਮਲ ਹੈ, ਜੋ ਕੁੱਲ ਉਮੀਦਵਾਰਾਂ ਦਾ 5.3 ਫੀਸਦੀ ਹਿੱਸਾ ਹੈ।
ਪਹਿਲੀਆਂ 31 ਸੀਟਾਂ ਲਿਸਟਿਡ ਸੀਟਾਂ ਪਿੱਛੋਂ 32ਵਾਂ ਸਥਾਨ ਕੰਵਲਜੀਤ ਸਿੰਘ ਬਖਸ਼ੀ (ਹਲਕਾ ਮੈਨੁਕਾਓ ਈਸਟ) ਦਾ ਹੈ ਤੇ ਉਹ ਇਸ ਵੇਲੇ ਤੀਜੀ ਵਾਰ ਲਿਸਟਿਡ ਪਾਰਲੀਮੈਂਟ ਮੈਂਬਰ ਹਨ। ਚੋਣਾਂ ਵਿੱਚ ਜੇ ਨੈਸ਼ਨਲ ਪਾਰਟੀ ਅਗਲੀ ਵਾਰ ਫਿਰ ਜਿੱਤ ਗਈ ਤਾਂ ਉਹ ਚੌਥੀ ਵਾਰ ਪਾਰਲੀਮੈਂਟ ਮੈਂਬਰ ਬਣ ਜਾਣਗੇ। ਬਖਸ਼ੀ ਦਿੱਲੀ ਸ਼ਹਿਰ ਤੋਂ ਹਨ ਤੇ 2008 ਵਿੱਚ ਪਹਿਲੀ ਵਾਰ ਪਾਰਲੀਮੈਂਟ ਮੈਂਬਰ ਬਣੇ ਸਨ। ਉਨ੍ਹਾਂ ਨੂੰ ਪਹਿਲੇ ਦਸਤਾਰਧਾਰੀ ਸਿੱਖ ਤੇ ਪਹਿਲੇ ਭਾਰਤੀ ਜੰਮਪਲ ਪਾਰਲੀਮੈਂਟ ਮੈਂਬਰ ਹੋਣ ਦਾ ਮਾਣ ਹਾਸਲ ਹੈ। ਸੰਨ 2001 ਵਿੱਚ ਉਹ ਨਿਊਜ਼ੀਲੈਂਡ ਆਏ ਤੇ ਇਸ ਵੇਲੇ ਉਹ ਪਾਰਲੀਮੈਂਟ ਦੀ ਲਾਅ ਐਂਡ ਆਰਡਰ ਸਿਲੈਕਟ ਕਮੇਟੀ ਦੇ ਚੇਅਰਮੈਨ ਅਤੇ ਕਾਮਰਸ ਕਮੇਟੀ ਦੇ ਮੈਂਬਰ ਹਨ।
ਇਸ ਤੋਂ ਬਾਅਦ 34ਵਾਂ ਸਥਾਨ ਡਾ. ਪਰਮਜੀਤ ਕੌਰ ਪਰਮਾਰ (ਹਲਕਾ ਮਾਉਂਟ ਰੌਸਕਿਲ) ਦੇ ਹਿੱਸੇ ਆਇਆ ਹੈ, ਜੋ ਪਹਿਲਾਂ 2014 ਤੋਂ ਲਿਸਟਿਡ ਪਾਰਲੀਮੈਟ ਮੈਂਬਰ ਹਨ। ਜੇ ਨੈਸ਼ਨਲ ਪਾਰਟੀ ਜਿੱਤਦੀ ਹੈ ਤਾਂ ਡਾ. ਪਰਮਾਰ ਦੂਜੀ ਵਾਰ ਪਾਰਲੀਮੈਂਟ ਜਾ ਸਕਦੀ ਹੈ। ਉਹ ਮੂਲ ਰੂਪ ਵਿੱਚ ਜ਼ਿਲਾ ਹੁਸ਼ਿਆਰਪੁਰ ਤੋਂ ਹਨ ਅਤੇ 1995 ਵਿੱਚ ਇਥੇ ਆਏ ਸਨ। ਉਨ੍ਹਾਂ ਨੇ ਇਥੇ ਆ ਕੇ ਉਚ ਸਿੱਖਿਆ ਪ੍ਰਾਪਤ ਕਰਨ ਦੇ ਨਾਲ ਪੀ ਐਚ ਡੀ ਕੀਤੀ ਤੇ ਸਾਇੰਸਦਾਨ ਵਜੋਂ ਇਥੇ ਕੰਮ ਕੀਤਾ। ਇਸ ਤੋਂ ਪਹਿਲਾਂ ਉਹ ਫੈਮਿਲੀਜ਼ ਕਮਿਸ਼ਨਰ ਰਹਿ ਚੁੱਕੇ ਹਨ। ਉਨ੍ਹਾਂ ਦਾ ਪਿਛਲੀ ਵਾਰ ਦੀਆਂ ਚੋਣਾਂ ਦੌਰਾਨ ਪਾਰਟੀ ਵਿੱਚ 48ਵਾਂ ਸਥਾਨ ਸੀ, ਜੋ ਹੁਣ 34ਵੇਂ ਸਥਾਨ ‘ਤੇ ਆਇਆ ਹੈ।

Be the first to comment

Leave a Reply