ਨਿਗਮ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਹਾਲਤ ਖਸਤਾ

ਜਲੰਧਰ —ਨਿਗਮ ਚੋਣਾਂ ‘ਚ ਆਮ ਆਦਮੀ ਪਾਰਟੀ ਦਾ ਤਾਂ ਸੂਪੜਾ ਸਾਫ ਹੋ ਗਿਆ ਹੈ। ਜਲੰਧਰ ‘ਚ ਆਪਣਾ ਮੇਅਰ ਬਣਾਉਣ ਦੇ ਦਮਗਜੇ ਮਾਰਨ ਵਾਲੇ ‘ਆਪ’ ਨੇਤਾਵਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਫੋਨ ਵੀ ਬੰਦ ਆਉਣ ਲੱਗੇ। ਲੋਕ ਸਭਾ ਚੋਣਾਂ 2014 ਦੌਰਾਨ ਪੰਜਾਬ ‘ਚ 4 ਸੰਸਦ ਮੈਂਬਰਾਂ ਵਾਲੀ ਪਾਰਟੀ ਵਿਧਾਨ ਸਭਾ ਚੋਣਾਂ 2017 ‘ਚ ਆ ਕੇ ਸਿਰਫ 20 ਵਿਧਾਇਕਾਂ ‘ਤੇ ਸਿਮਟ ਗਈ ਅਤੇ ਨਿਗਮ ਚੋਣਾਂ ‘ਚ ਤਾਂ ਪਾਰਟੀ ਦੀ ਹਾਲਤ ਇੰਨੀ ਖਸਤਾ ਹੋ ਗਈ ਕਿ ਪਾਰਟੀ ਦੋਆਬਾ ਰਿਜਨ ‘ਚ ਸਿਰਫ ਇਕ ਹੀ ਸੀਟ ਹਾਸਲ ਕਰ ਸਕੀ। ਜਲੰਧਰ ‘ਚ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਜੋ ਇਕ ਸੀਟ ਮਿਲੀ ਵੀ ਉਹ ਵੀ ਸੁਖਪਾਲ ਖਹਿਰਾ ਦੇ ਹਲਕੇ ਤੋਂ। ਚੋਣ ਨਤੀਜਿਆਂ ਤੋਂ ਬਾਅਦ ਤੋਂ ਹੀ ਪਾਰਟੀ ਦੇ ਕਈ ਅਹੁਦੇਦਾਦਾਰਾਂ ਨਾਲ ਗੱਲ ਕਰਨ ‘ਤੇ ਉਨ੍ਹਾਂ ਨੇ ਸਿੱਧੇ ਤੌਰ ‘ਤੇ ਟਿਕਟ ਵੰਡ ਲਈ ਗਲਤ ਫੈਸਲਿਆਂ ਤੇ ਪਾਰਟੀ ਦੁਆਰਾ ਆਮ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਨਾ ਘੇਰ ਸਕਣ ਨੂੰ ਹੀ ਪਾਰਟੀ ਦੀ ਲਗਾਤਾਰ ਘੱਟ ਹੁੰਦੀ ਲੋਕਪ੍ਰਿਯਤਾ ਦੱਸਿਆ ਹੈ।  ਪਾਰਟੀ ਜਾਣਕਾਰਾਂ ਦੀ ਮੰਨੀਏ ਤਾਂ ਜੋ ਹਾਲਤ ਇਸ ਸਮੇਂ ‘ਆਪ’ ਦੀ ਹੈ ਉਸ ਨਾਲ ਆਉਣ ਵਾਲੇ ਦਿਨਾਂ ‘ਚ ਪਾਰਟੀ ਦੇ ਕਈ ਧਾਕੜ ਪਾਰਟੀ ਛੱਡ ਕੇ ਬਾਹਰ ਜਾ ਸਕਦੇ ਹਨ ਅਤੇ ਉਂਝ ਵੀ ਪਾਰਟੀ ਨੂੰ ਹੁਣ ਨਵੀਂ ਜ਼ਿਲਾ ਇਕਾਈ ਦੀ ਲੋੜ ਹੈ। ਉਧਰ ਪਾਰਟੀ ਦੇ ਜ਼ਿਲਾ ਪ੍ਰਧਾਨ ਬੱਬੂ ਨੀਲਕੰਠ ਦਾ ਕਹਿਣਾ ਹੈ ਕਿ ਪਾਰਟੀ ਨੇ ਜਿਨ੍ਹਾਂ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਸਨ ਸਾਰੇ ਮੈਦਾਨ ‘ਚ ਡਟੇ ਰਹੇ ਜਦਕਿ ਅਕਾਲੀ ਦਲ ਦੇ ਤਾਂ ਕਈ ਉਮੀਦਵਾਰ ਪੈਸੇ ਲੈ ਕੇ ਬੈਠ ਗਏ। ਉਨ੍ਹਾਂ ਨੇ ਕਿਹਾ ਕਿ ਅਸੀਂ ਪੂਰਾ ਜ਼ੋਰ ਲਾਇਆ ਹੈ ਅਤੇ ਹਾਰ ਦੇ ਕਾਰਨਾਂ ਦੀ ਸਮੀਖਿਆ ਕੀਤੀ ਜਾਵੇਗੀ।

Be the first to comment

Leave a Reply