ਨਿਧਾਸ ਟ੍ਰਾਫੀ ਦੇ ਖ਼ਿਤਾਬੀ ਮੁਕਾਬਲੇ ‘ਚ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ ਹਰਾ ਕੇ ਸੀਰੀਜ਼ ਜਿੱਤੀ

ਨਵੀਂ ਦਿੱਲੀ: ਭਾਰਤੀ ਟੀਮ ਨੇ ਐਤਵਾਰ ਨੂੰ ਨਿਧਾਸ ਟ੍ਰਾਫੀ ਦੇ ਖ਼ਿਤਾਬੀ ਮੁਕਾਬਲੇ ‘ਚ ਬੰਗਲਾਦੇਸ਼ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਸੀਰੀਜ਼ ਜਿੱਤ ਲਈ ਹੈ। ਦਿਨੇਸ਼ ਕਾਰਤਿਕ ਦੀਆਂ ਤਾਬੜਤੋੜ ਅੱਠ ਗੇਦਾਂ ‘ਤੇ 29 ਦੌੜਾਂ ਨੇ ਭਾਰਤ ਨੂੰ ਪੰਜ ਸਾਲ ਬਾਅਦ ਟ੍ਰਾਈ ਸੀਰੀਜ਼ ‘ਤੇ ਕਬਜ਼ਾ ਕਰਵਾਇਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਬੰਗਲਾਦੇਸ਼ ਦੀ ਟੀਮ ਨੇ ਅੱਠ ਵਿਕਟਾਂ ਦੇ ਨੁਕਸਾਨ ‘ਤੇ ਭਾਰਤ ਨੂੰ 167 ਰਨ ਦਾ ਟੀਚਾ ਦਿੱਤਾ, ਜਿਸ ਨੂੰ ਭਾਰਤ ਨੇ 6 ਵਿਕਟਾਂ ਗੁਆ ਕੇ 20 ਓਵਰਾਂ ‘ਚ ਪੂਰਾ ਕਰ ਲਿਆ। ਪੂਰੇ ਮੁਕਾਬਲੇ ‘ਚ ਸਟਾਰ ਬੱਲੇਬਾਜ਼ ਰਹੇ ਦਿਨੇਸ਼ ਕਾਰਤਿਕ ਨੂੰ ਮੈਨ ਆਫ਼ ਦਾ ਮੈਚ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਨੂੰ ਜਿੱਤਣ ਲਈ ਆਖਰੀ ਗੇਂਦ ‘ਤੇ 5 ਰਨ ਚਾਹੀਦੇ ਸੀ ਤਾਂ ਕਾਰਤਿਕ ਨੇ ਛੱਕਾ ਲਗਾ ਕੇ ਨਿਧਾਸ ਟ੍ਰਾਫੀ ‘ਤੇ ਕਬਜ਼ਾ ਕਰ ਲਿਆ।ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 4 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 56 ਦੌੜਾਂ ਬਣਾਈਆਂ। ਹਾਲਾਂਕਿ, ਸ਼ਿਖਰ ਧਵਨ ਤੋਂ ਕਾਫ਼ੀ ਉਮੀਦਾਂ ਸਨ ਪਰ ਉਹ ਦਸ ਦੌੜਾਂ ਬਣਾ ਕੇ ਆਊਟ ਹੋ ਗਏ, ਸੁਰੇਸ਼ ਰੈਣਾ ਕੋਈ ਖਾਸਾ ਕਮਾਲ ਨਹੀਂ ਕਰ ਪਾਏ, ਬਿਨਾ ਖਾਤਾ ਖੋਲ੍ਹੇ ਵਾਪਸ ਪਵੇਲੀਅਨ ਪਰਤੇ।