ਨੋਟਬੰਦੀ ਅਤੇ ਜੀਐਸਟੀ ਨਾਲ ਸੁਧਰੇਗਾ ਅਰਥਚਾਰਾ : ਜੇਤਲੀ

ਨਵੀਂ ਦਿੱਲੀ – ਭਾਜਪਾ ਦੇ ਉਘੇ ਨੇਤਾ ਯਸ਼ਵੰਤ ਸਿਨਹਾ ਦੁਆਰਾ ਕੇਂਦਰ ਸਰਕਾਰ ਦੀਆਂ ਆਰਥਕ ਨੀਤੀਆਂ ਦੀ ਆਲੋਚਨਾ ਕੀਤੇ ਜਾਣ ਤੋਂ ਬਾਅਦ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਉਨ੍ਹਾਂ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਨੋਟਬੰਦੀ ਅਤੇ ਜੀਐਸਟੀ ਦਾ ਅਰਥਵਿਵਸਥਾ ‘ਤੇ ਹਾਂਪੱਖੀ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਆਉਣ ਤੋਂ ਬਾਅਦ ਦੇਸ਼ ਵਿਚ ਵਪਾਰ ਕਰਨਾ ਆਸਾਨ ਹੋਇਆ ਹੈ। ਜੇਤਲੀ ਨੇ ਸਿਨਹਾ ਦਾ ਸਿੱਧਾ ਨਾਮ ਤਾਂ ਨਹੀਂ ਲਿਆ ਪਰ ਉਨ੍ਹਾਂ ਦੀ ਗੱਲ ਦਾ ਜਵਾਬ ਜ਼ਰੂਰ ਦਿਤਾ। ਉਨ੍ਹਾਂ ਕਿਹਾ ਕਿ ਕਥਿਤ ਮੰਦੀ ਦਾ ਅਰਥਵਿਵਸਥਾ ਵਿਚ ਕੋਈ ਅਸਰ ਨਹੀਂ ਦਿਸ ਰਿਹਾ। ਜੇਤਲੀ ਇਕ ਸਮਾਗਮ ਵਿਚ ਪੱਤਰਕਾਰਾਂ ਨੂੰ ਸੰਬੋਧਿਤ ਕਰ ਰਹੇ ਸਨ। ਜੇਤਲੀ ਨੇ ਮੰਨਿਆ ਕਿ ਜਮਹੂਰੀਅਤ ਵਿਚ ਵਿਚਾਰਕ ਮਤਭੇਦ ਹਮੇਸ਼ਾ ਰਹਿੰਦੇ ਹਨ। ਨੋਟਬੰਦੀ ਜ਼ਰੀਏ ਇਹ ਯਕੀਨੀ ਕੀਤਾ ਗਿਆ ਕਿ ਬਾਜ਼ਾਰ ਵਿਚ ਜਿਹੜੇ ਬੇਨਾਮੀ ਸੰਪਤੀ ਦੇ ਮਾਲਕ ਸਨ, ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇ। ਵਿਰੋਧੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਜੀਐਸਟੀ ਦੇ ਆਉਣ ਤੋਂ ਬਾਅਦ ਮੈਨੂੰ ਕਿਹਾ ਗਿਆ ਕਿ ਤੁਸੀਂ ਇਹ ਏਨੀ ਛੇਤੀ ਕਿਉਂ ਕੀਤਾ? ਉਨ੍ਹਾਂ ਕਿਹਾ ਕਿ ਆਰਥਕ ਸਮਝਦਾਰੀ ਹੀ ਸਾਡੀ ਤਰਜੀਹ ਰਹੀ ਹੈ। ਸਰਕਾਰ ਨੇ ਦਿੱਲੀ ਦੇ ਰਾਜਨੀਤਕ ਭ੍ਰਿਸ਼ਟਾਚਾਰ ‘ਤੇ ਕਾਬੂ ਪਾ ਲਿਆ ਹੈ। ਹੁਣ ਭਾਰਤ ਵਿਚ 95 ਫ਼ੀ ਸਦੀ ਨਿਵੇਸ਼ ਅਪਣੇ ਆਪ ਹੋ ਰਿਹਾ ਹੈ।

Be the first to comment

Leave a Reply