ਨੌਜਵਾਨ ਕੁੜੀ ਨੂੰ ਇਕ ਤਰਫਾ ਪਿਆਰ ਕਰਦਾ ਸੀ, ਜਦੋਂ ਕੁੜੀ ਨੇ ਉਸ ਨਾਲ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਤਾਂ

ਤਲਵੰਡੀ ਸਾਬੋ : ਬੀਤੇ ਦਿਨ ਸਥਾਨਕ ਨਗਰ ਦੇ ਇਕ ਨਿੱਜੀ ਸਕੂਲ ਵਿਚ 9ਵੀਂ ਕਲਾਸ ਦੀ ਵਿਦਿਆਰਥਣ ‘ਤੇ ਇਕ ਨੌਜਵਾਨ ਨੇ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਇਹ ਨੌਜਵਾਨ ਕੁੜੀ ਨੂੰ ਇਕ ਤਰਫਾ ਪਿਆਰ ਕਰਦਾ ਸੀ ਅਤੇ ਉਸ ‘ਤੇ ਵਿਆਹ ਲਈ ਦਬਾਅ ਪਾ ਰਿਹਾ ਸੀ ਪਰ ਜਦੋਂ ਕੁੜੀ ਨੇ ਉਸ ਨਾਲ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਗੁੱਸੇ ‘ਚ ਆ ਕੇ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਕੁੜੀ ਨੂੰ ਲਹੂ-ਲੁਹਾਨ ਕਰ ਦਿੱਤਾ।
ਜਾਣਕਾਰੀ ਮੁਤਾਬਕ ਤਲਵੰਡੀ ਸਾਬੋ ਦੇ ਟੈਗੋਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਰਾਣੀ ਕੌਰ (ਕਾਲਪਨਿਕ ਨਾਂ) 9ਵੀਂ ਜਮਾਤ ਵਿਚ ਪੜ੍ਹਦੀ ਹੈ, ਜਿਸ ਨੂੰ ਸਵੇਰੇ ਕਰੀਬ 7 ਵਜੇ ਉਸ ਦੇ ਦਾਦਾ ਜੀ ਸਕੂਲ ਛੱਡ ਕੇ ਗਏ ਸਨ। ਉਹ ਕਲਾਸ ਲਾ ਰਹੀ ਸੀ ਕਿ ਅਚਾਨਕ ਸਕੂਲ ‘ਚ ਦਾਖਲ ਹੋ ਕੇ ਇਕ ਨੌਜਵਾਨ ਨੇ ਉਸ ‘ਤੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ, ਬਚਾਅ ਲਈ ਜਦੋਂ ਉਸ ਨੇ ਆਪਣੀਆਂ ਬਾਹਾਂ ਅੱਗੇ ਕੀਤੀਆਂ ਤਾਂ ਉਸ ਨੇ ਬਾਹਾਂ ‘ਤੇ ਟੱਕ ਮਾਰ ਦਿੱਤੇ ਤੇ ਫਰਾਰ ਹੋ ਗਿਆ। ਇਹ ਸਾਰਾ ਮਾਮਲਾ ਸਕੂਲ ਦੇ ਕੈਮਰਿਆਂ ‘ਚ ਕੈਦ ਹੋ ਗਿਆ।
ਸਕੂਲ ਪ੍ਰਬੰਧਕਾਂ ਨੇ ਤੁਰੰਤ ਜ਼ਖਮੀ ਲੜਕੀ ਨੂੰ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾ ਦਿੱਤਾ। ਪੀੜਤ ਲੜਕੀ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ ‘ਚ ਦੱਸਿਆ ਕਿ ਉਹ ਲੜਕਾ ਉਸ ਨੂੰ ਤੰਗ-ਪਰੇਸ਼ਾਨ ਕਰਦਾ ਸੀ ਤੇ ਉਸ ‘ਤੇ ਵਿਆਹ ਕਰਵਾਉਣ ਲਈ ਦਬਾਅ ਪਾਉਂਦਾ ਸੀ। ਉਸ ਨੇ ਉਸ ਨੂੰ ਬਾਜ਼ਾਰ ਵਿਚ ਵੀ ਘੇਰਿਆ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ ਪਰ ਉਸ ਨੇ ਡਰ ਕਰਕੇ ਇਹ ਗੱਲ ਘਰ ਨਹੀਂ ਸੀ ਦੱਸੀ। ਤਲਵੰਡੀ ਸਾਬੋ ਪੁਲਸ ਨੇ ਪੀੜਤਾ ਦੇ ਬਿਆਨਾਂ ‘ਤੇ ਕਥਿਤ ਮੁਲਜ਼ਮ ਜਗਸੀਰ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਤਲਵੰਡੀ ਸਾਬੋ ਖਿਲਾਫ ਧਾਰਾ 307, 354-ਡੀ, 341, 506 ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Be the first to comment

Leave a Reply