ਨੌਜਵਾਨ ਵਰਗ ਨੂੰ ਸੂਬੇ ਦੀ ਮਹਾਨ ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਨਾਲ ਜੋੜਨ ਦਾ ਹੋਕਾ

ਚੰਡੀਗੜ੍ਹ(ਸਾਂਝੀ ਸੋਚ ਬਿਊਰੋ) : ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਸੂਬੇ ਦੇ ਨੌਜਵਾਨ ਵਰਗ ਨੂੰ ਸੂਬੇ ਦੀ ਮਹਾਨ ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਨਾਲ ਜੋੜਨ ਦਾ ਹੋਕਾ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੂਬੇ ਦੀ ਨੌਜਵਾਨੀ ਆਪਣੇ ਸੱਭਿਆਚਾਰ ਤੋਂ ਬੇਮੁੱਖ ਨਾ ਹੋਵੇ ਸਗੋਂ ਇਸ ਉੱਤੇ ਮਾਣ ਮਹਿਸੂਸ ਕਰੇ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਦ੍ਰਿਸ਼ਟੀ ਵਾਲੀ ਸੋਚ ਹੈ ਕਿ ਇੱਕ ਅਜਿਹੀ ਕਾਰਗਰ ਸੱਭਿਆਚਾਰਕ ਨੀਤੀ ਉਲੀਕੀ ਜਾਵੇ ਜੋ ਕਿ ਸੂਬੇ ਦੇ ਅਮੀਰ ਵਿਰਸੇ, ਪ੍ਰੰਪਰਾਵਾਂ ਅਤੇ ਰਸਮਾਂ ਨੂੰ ਕੇਂਦਰ ਵਿੱਚ ਰੱਖੇ। ਇੱਥੇ ਕਲਾ, ਸਾਹਿਤ, ਅਕਾਦਮਿਕ ਅਤੇ ਸੱਭਿਆਚਾਰਕ ਖੇਤਰ ਦੀਆਂ ਮਹਾਨ ਹਸਤੀਆਂ ਨਾਲ ਪੰਜਾਬ ਦੀ ਸੰਭਾਵੀ ਸੱਭਿਆਚਾਰਕ ਨੀਤੀ ਦੇ ਖਰੜੇ ਉੱਤੇ ਵਿਚਾਰ ਚਰਚਾ ਦੌਰਾਨ ਸ. ਸਿੱਧੂ ਨੇ ਕਿਹਾ ਕਿ ਇਸ ਨੀਤੀ ਨੂੰ ਮੌਜੂਦਾ ਮਹੀਨੇ ਦੇ ਅਖੀਰ ਤੱਕ ਅੰਤਿਮ ਰੂਪ ਦੇ ਦਿੱਤਾ ਜਾਵੇਗਾ ਪਰ ਉਸ ਤੋਂ ਪਹਿਲਾਂ ਸੂਬੇ ਭਰ ਦੇ ਨੌਜਵਾਨਾਂ ਦੇ ਇਸ ਸੰਭਾਵੀ ਨੀਤੀ ਬਾਰੇ ਵਿਚਾਰ ਜਾਣਨ ਲਈ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਦੁਆਰਾ ਪ੍ਰਗਟਾਏ ਗਏ ਵਿਚਾਰਾਂ ਨੂੰ ਇਸ ਨੀਤੀ ਵਿੱਚ ਅਹਿਮ ਸਥਾਨ ਦਿੱਤਾ ਜਾਵੇਗਾ ਕਿਉਂਕਿ ਸੂਬੇ ‘ਚ ਨੌਜਵਾਨਾਂ ਦੀ ਗਿਣਤੀ 56 ਫੀਸਦੀ ਹੈ ਅਤੇ ਉਨ੍ਹਾਂ ਨੂੰ ਕੋਈ ਵੀ ਨੀਤੀ ਤਿਆਰ ਕਰਨ ਦੇ ਮਾਮਲੇ ਵਿੱਚ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।ਇੱਕ ਹੋਰ ਮਹੱਤਵਪੂਰਨ ਪੱਖ ਨੂੰ ਛੋਂਹਦੇ ਹੋਏ ਸ. ਸਿੱਧੂ ਨੇ ਕਿਹਾ ਕਿ ਪਰਵਾਸੀ ਭਾਰਤੀਆਂ ਦੇ ਬੱਚਿਆਂ ਨੂੰ ਪੰਜਾਬ ਵਿਚਲੀਆਂ ਆਪਣੀਆਂ ਸੱਭਿਆਚਾਰਕ ਤੇ ਇਤਿਹਾਸਕ ਜੜ੍ਹਾਂ ਨਾਲ ਜੋੜਨ ਵਿੱਚ ਵੀ ਇਹ ਨੀਤੀ ਅਹਿਮ ਕਿਰਦਾਰ ਅਦਾ ਕਰੇਗੀ। ਉਨ੍ਹਾਂ ਇਸ ਨੀਤੀ ਨੂੰ ਸੂਬੇ ਵਿੱਚ ਸੱਭਿਆਚਾਰਕ ਕ੍ਰਾਂਤੀ ਦੀ ਸ਼ੁਰੂਆਤ ਕਰਨ ਵਾਲੀ ਦੱਸਦੇ ਹੋਏ ਕਿਹਾ ਕਿ ਇਸ ਨੂੰ ਠੋਸ ਰੂਪ ਵਿੱਚ ਲਾਗੂ ਕਰਨਾ ਯਕੀਨੀ ਬਣਾਉਣ ਲਈ ਵਿੱਤੀ ਸਾਧਨਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਸ ਦਾ ਮਕਸਦ ਪੰਜਾਬ ਨੂੰ ਸੈਰ ਸਪਾਟਾ ਅਤੇ ਸੱਭਿਆਚਾਰਕ ਖੇਤਰ ਵਿੱਚ ਦੁਨੀਆਂ ਵਿੱਚ ਚੋਟੀ ਦਾ ਸਥਾਨ ਦਿਵਾਉਣਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਥਿਤ ਕਈ ਅਹਿਮ ਸੈਰ ਸਪਾਟੇ ਨਾਲ ਸਬੰਧਿਤ ਸਥਾਨ ਹਨ ਜਿਵੇਂ ਕਿ ਮੁਗ਼ਲ ਬਾਦਸ਼ਾਹ ਅਕਬਰ ਦੀ ਤਾਜ਼ਪੋਸ਼ੀ ਵਾਲਾ ਸਥਾਨ ਕਲਾਨੌਰ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਨਾਲ ਰੋਪੜ ਵਿਖੇ ਸੰਧੀ ਵਾਲਾ ਸਥਾਨ ਅਤੇ ਕਈ ਹੋਰ ਸਥਾਨ ਜਿਹਨਾਂ ਨੂੰ ਦੁਨੀਆਂ ਸਾਹਮਣੇ ਪ੍ਰਚਾਰਿਤ ਕਰਕੇ ਪੰਜਾਬ ਨੂੰ ਸੈਰ ਸਪਾਟੇ ਦੇ ਨਕਸ਼ੇ ਉੱਤੇ ਉਭਾਰਿਆ ਜਾ ਸਕਦਾ ਹੈ।

Be the first to comment

Leave a Reply