ਪਟਿਆਲਾ ਦੇ ਵਿਕਾਸ ਤੇ ਸੁੰਦਰੀਕਰਨ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼

ਪਟਿਆਲਾ  – ਪਟਿਆਲਾ ਦੇ ਵਿਕਾਸ ਤੇ ਸੁੰਦਰੀਕਰਨ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲਾ ਪ੍ਰਸ਼ਾਸਨ ਵੱਲੋਂ ਪਟਿਆਲਾ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਨੂੰ ਸੰਵਾਰਨ ਲਈ ਸ਼ਹਿਰ ਨੂੰ 5 ਖਿੱਤਿਆਂ ‘ਚ ਵੰਡ ਕੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿਚ ਵੱਖ-ਵੱਖ 6 ਪ੍ਰਮੁੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਸਥਾਪਤ ਕੀਤੀਆਂ ਗਈਆਂ ਹਨ। ਇਸ ਸਬੰਧੀ ਕੀਤੀ ਯੋਜਨਾਬੰਦੀ ਬਾਰੇ ਅੱਜ ਮਿੰਨੀ ਸਕੱਤਰੇਤ ਵਿਖੇ ਮਿਊਂਸੀਪਲ ਕਾਰਪੋਰੇਸ਼ਨ, ਜੰਗਲਾਤ, ਲੋਕ ਨਿਰਮਾਣ ਵਿਭਾਗ, ਬਾਗਬਾਨੀ, ਪੀ. ਐੱਸ. ਪੀ. ਸੀ. ਐੱਲ. ਤੇ ਪੁਲਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਜ਼ਿਲੇ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਸੁੰਦਰੀਕਰਨ ਦੇ ਇਸ ਪ੍ਰਾਜੈਕਟ ਦੀ ਮੁੱਖ ਮੰਤਰੀ ਖੁਦ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਦੀ ਪੂਰੀ ਟੀਮ ਆਪੋ-ਆਪਣੇ ਖੇਤਰ ਦਾ ਸਰਵੇ ਕਰ ਕੇ ਪ੍ਰੈਜ਼ੈਂਟੇਸ਼ਨ ਤਿਆਰ ਕਰੇਗੀ। 31 ਅਗਸਤ ਨੂੰ ਉਨ੍ਹਾਂ ਨੂੰ ਮਿੰਨੀ ਸਕੱਤਰੇਤ ਵਿਖੇ ਇਸ ਸਬੰਧੀ ਹੋਣ ਵਾਲੀ ਅਗਲੀ ਮੀਟਿੰਗ ਵਿੱਚ ਸੌਂਪੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਦਾ ਵਿਕਾਸ ਤੇ ਸੁੰਦਰੀਕਰਨ ਯੋਜਨਾਬੱਧ ਤਰੀਕੇ ਨਾਲ ਕਰਵਾਇਆ ਜਾਵੇਗਾ। ਸ਼ਹਿਰ ਨੂੰ 5 ਜ਼ੋਨਾਂ ਵਿਚ ਵੰਡ ਕੇ 5 ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹਰੇਕ ਜ਼ੋਨ ਲਈ ਬਣਾਈ ਟੀਮ ਦਾ ਮੁਖੀ ਸੀਨੀਅਰ ਅਧਿਕਾਰੀ ਨੂੰ ਲਾਇਆ ਗਿਆ ਹੈ। ਉਸ ਟੀਮ ਵਿਚ ਸੰਬੰਧਿਤ ਇਲਾਕੇ ਦਾ ਐਕਸੀਅਨ ਲੋਕ ਨਿਰਮਾਣ ਵਿਭਾਗ, ਐੱਸ. ਡੀ. ਓ. ਪੀ. ਐੱਸ. ਪੀ. ਸੀ. ਐੱਲ, ਡੀ. ਐੱਸ. ਪੀ., ਐੱਸ. ਐੱਚ. ਓ. ਅਤੇ ਜੰਗਲਾਤ ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਵਿਕਾਸ ਤੇ ਸੁੰਦਰੀਕਰਨ ਲਈ ਬਣਾਏ ਗਏ ਜ਼ੋਨਾਂ ਵਿਚ ਐਸਕਾਰਟ ਫੈਕਟਰੀ ਬਹਾਦਰਗੜ੍ਹ ਤੋਂ ਬੱਸ ਸਟੈਂਡ ਤੱਕ ਦੇ ਖੇਤਰ ਨੂੰ ਜ਼ੋਨ-1 ਵਿਚ ਰੱਖਿਆ ਗਿਆ। ਇਸ ਲਈ ਤਾਇਨਾਤ ਕੀਤੀ ਟੀਮ ਦਾ ਇੰਚਾਰਜ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੂਨਮਦੀਪ ਕੌਰ ਨੂੰ ਲਾਇਆ ਗਿਆ ਹੈ। ਗੁਰਦੁਆਰਾ ਸ੍ਰੀ ਦੁੱਖ ਨਿਵਾਰਣ ਸਾਹਿਬ-ਸਰਹਿੰਦ ਰੋਡ ਤੋਂ ਉੱਤਰੀ ਬਾਈਪਾਸ ਨੂੰ ਜ਼ੋਨ-2 ਵਿਚ ਰੱਖਿਆ ਗਿਆ ਹੈ। ਇਸ ਦਾ ਇੰਚਾਰਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼ੌਕਤ ਅਹਿਮਦ ਪਰੇ ਨੂੰ ਲਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਦੇ ਅੰਦਰੂਨੀ ਹਿੱਸੇ ਨੂੰ ਜ਼ੋਨ-3 ਵਿਚ ਰੱਖਿਆ ਗਿਆ ਹੈ। ਇਸ ਦਾ ਇੰਚਾਰਜ ਨਗਰ ਨਿਗਮ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਲਾਇਆ ਗਿਆ ਹੈ। ਜ਼ੋਨ-4 ਵਿਚ ਗੁਰਦੁਆਰਾ ਸ੍ਰੀ ਦੁੱਖ ਨਿਵਾਰਣ ਸਾਹਿਬ ਤੋਂ ਫੁਹਾਰਾ ਚੌਕ, ਮਿੰਨੀ ਸਕੱਤਰੇਤ ਤੋਂ ਥਾਪਰ ਕਾਲਜ, ਭੁਪਿੰਦਰਾ ਰੋਡ, ਲੀਲਾ ਭਵਨ ਅਤੇ ਲੋਅਰ ਤੇ ਅਪਰ ਮਾਲ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਜ਼ੋਨ ਦੇ ਇੰਚਾਰਜ ਐੱਸ. ਡੀ. ਐੱਮ. ਪਟਿਆਲਾ ਅਨਮੋਲ ਸਿੰਘ ਧਾਲੀਵਾਲ ਹੋਣਗੇ। ਠੀਕਰੀ ਵਾਲਾ ਚੌਕ ਤੋਂ ਭਾਖੜਾ ਨਹਿਰ ਤੱਕ ਦੇ ਖੇਤਰ ਨੂੰ ਜ਼ੋਨ ਨੰ. 5 ਵਿਚ ਸ਼ਾਮਲ ਕੀਤਾ ਗਿਆ ਹੈ। ਸਹਾਇਕ ਕਮਿਸ਼ਨਰ (ਜਨਰਲ) ਸੂਬਾ ਸਿੰਘ ਨੂੰ ਇਸ ਜ਼ੋਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵਿਭਾਗ ਵੱਲੋਂ ਹਰੇਕ ਜ਼ੋਨ ਵਿਚ ਸੰਬੰਧਿਤ ਡੀ. ਐੱਸ. ਪੀ. ਤੇ ਐੱਸ. ਐੱਚ. ਓ. ਤੋਂ ਇਲਾਵਾ 3 ਨੋਡਲ ਅਫ਼ਸਰ ਲਾਏ ਗਏ ਹਨ ਜਿਨ੍ਹਾਂ ਵਿਚ ਕੰਵਰਦੀਪ ਸਿੰਘ ਐੱਸ. ਪੀ. ਟ੍ਰੈਫਿਕ, ਕੇਸਰ ਸਿੰਘ ਐੱਸ. ਪੀ. ਸਿਟੀ-1 ਅਤੇ ਸੁਭਾਸ਼ ਜਿੰਦਲ ਡੀ. ਐੱਸ. ਪੀ. ਸਿਟੀ-1 ਨੂੰ ਸ਼ਾਮਲ ਕੀਤਾ ਗਿਆ ਹੈ। ਪੀ. ਐੱਸ. ਪੀ. ਸੀ. ਐੱਲ. ਦੇ ਇੱਕ ਐਕਸੀਅਨ ਨੂੰ ਵੀ ਨੋਡਲ ਅਫ਼ਸਰ ਲਾਇਆ ਗਿਆ ਹੈ।
ਮੀਟਿੰਗ ਵਿੱਚ ਹਾਜ਼ਰ ਐੱਸ. ਐੱਸ. ਪੀ. ਪਟਿਆਲਾ ਡਾ. ਐੱਸ. ਭੂਪਤੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਨੂੰ ਆਪਣੀ ਡਿਊਟੀ ਦੇ ਨਾਲ-ਨਾਲ ਇਕ ਸਮਾਜਿਕ ਜ਼ਿੰਮੇਵਾਰੀ ਵੀ ਸਮਝਣ। ਨਗਰ ਨਿਗਮ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਸਾਰੇ ਸ਼ਹਿਰ ਦਾ ਸੁੰਦਰੀਕਰਨ ਅਤੇ ਵਿਕਾਸ ਇਕ ਮਾਈਕਰੋ ਪਲੈਨਿੰਗ ਰਾਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਛੇਤੀ ਹੀ ਸ਼ਹਿਰ ਵਾਸੀ ਪਟਿਆਲਾ ਸ਼ਹਿਰ ਨੂੰ ਇੱਕ ਨਵੇਂ ਰੂਪ ਵਿੱਚ ਵੇਖਣਗੇ। ਅੱਜ ਦੀ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੂਨਮਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼ੌਕਤ ਅਹਿਮਦ ਪਰੇ, ਨਗਰ ਨਿਗਮ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਸਹਾਇਕ ਕਮਿਸ਼ਨਰ (ਜਨਰਲ) ਸੂਬਾ ਸਿੰਘ, ਡੀ. ਐੱਫ. ਓ. ਅਜੀਤ ਕੁਲਕਰਨੀ ਅਤੇ ਵੱਖ-ਵੱਖ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

Be the first to comment

Leave a Reply

Your email address will not be published.


*