ਪਟਿਆਲਾ ਵਾਸੀਆਂ ਨੂੰ ਵੀ ਮਿਲੇਗਾ ਪਲਾਸਟਿਕ ਦੇ ਲਿਫ਼ਾਫ਼ਿਆਂ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਤੋਂ ਛੁਟਕਾਰਾ- ਪਰਨੀਤ ਕੌਰ

ਪਟਿਆਲਾ – ਪਲਾਸਟਿਕ ਦੇ ਲਿਫ਼ਾਫ਼ਿਆਂ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਤੋਂ ਛੁਟਕਾਰਾ ਦਿਵਾਉਣ ਅਤੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਇੱਕ ਹੋਰ ਉਦਮ ਕਰਦਿਆਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਅੱਜ ਪਟਿਆਲਾ ਸ਼ਹਿਰ ਲਈ ਵੀ ਮੱਕੀ ਅਤੇ ਆਲੂਆਂ ਦੇ ਸਟਾਰਚ ਤੋਂ ਬਣੇ ਲਿਫ਼ਾਫ਼ੇ ਜਾਰੀ ਕੀਤੇ ਹਨ। ਅੱਜ ਇੱਥੇ ਇਹ ਲਿਫ਼ਾਫ਼ੇ ਜਾਰੀ ਕਰਨ ਬਾਅਦ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਬੋਰਡ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਪਟਿਆਲਾ ਸ਼ਹਿਰ ਨੂੰ ਇਨ੍ਹਾਂ ਪਲਾਸਟਿਕ ਦੇ ਲਿਫ਼ਾਫ਼ਿਆਂ ਤੋਂ ਛੁਟਕਾਰਾ ਦਿਵਾਉਣ ਲਈ ਚੁਣਿਆਂ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਪੀ.ਪੀ.ਸੀ.ਬੀ. ਦੇ ਚੇਅਰਮੈਨ ਸ. ਕਾਹਨ ਸਿੰਘ ਪੰਨੂੰ ਵੀ ਮੌਜੂਦ ਸਨ।
ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਆਪਣੇ ਆਪ ਨਾ ਗ਼ਲਣ ਵਾਲੇ ਪਲਾਸਟਿਕ ਦੇ ਲਿਫ਼ਾਫ਼ੇ ਸਾਡੇ ਵਾਤਾਵਰਣ ਲਈ ਇੱਕ ਵੱਡੀ ਸਮੱਸਿਆ ਬਣ ਚੁੱਕੇ ਹਨ ਅਤੇ ਹੁਣ ਇਨ੍ਹਾਂ ਤੋਂ ਛੁਟਕਾਰਾ ਦਿਵਾਉਣਾ ਬੇਹੱਦ ਜਰੂਰੀ ਹੈ ਤਾਂ ਕਿ ਸਾਡਾ ਦਿਨੋ-ਦਿਨ ਪਲੀਤ ਹੁੰਦਾ ਜਾ ਰਿਹਾ ਵਾਤਾਵਰਣ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਦੇ ਖਾਤਮੇ ਲਈ ਅਜਿਹੇ ਉਪਰਾਲੇ ਸਹਾਈ ਸਿੱਧ ਹੋਣਗੇ ਅਤੇ ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਥਾਂ ਇਨ੍ਹਾਂ ਮੱਕੀ ਅਤੇ ਆਲੂ ਨੂੰ ਵਰਤ ਕੇ ਬਣਾਏ ਗਏ ਲਿਫ਼ਾਫ਼ਿਆਂ ਨੂੰ ਹੀ ਵਰਤੋਂ ‘ਚ ਲਿਆਉਣ ਤਾਂ ਕਿ ਸਾਡੇ ਵਾਤਾਵਰਣ ਨੂੰ ਕਈ ਤਰੀਕਿਆਂ ਨਾਲ ਪ੍ਰਦੂਸ਼ਤ ਕਰਨ ਵਾਲੇ ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਹੌਲੀ-ਹੌਲੀ ਖ਼ਤਮ ਕੀਤਾ ਜਾ ਸਕੇ।
ਇਸ ਮੌਕੇ ਮੌਜੂਦ ਸ. ਕਾਹਨ ਸਿੰਘ ਪੰਨੂੰ ਨੇ ਸ੍ਰੀਮਤੀ ਪਰਨੀਤ ਕੌਰ ਨੂੰ ਭਰੋਸਾ ਦਿੱਤਾ ਕਿ ਪਟਿਆਲਾ ਜ਼ਿਲ੍ਹੇ ਅੰਦਰ ਅਗਲੇ 6 ਮਹੀਨਿਆਂ ਦੇ ਅੰਦਰ-ਅੰਦਰ ਗਲਣਸ਼ੀਲ ਲਿਫ਼ਾਫ਼ੇ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਬਦਲ ਬਣ ਜਾਣਗੇ ਤੇ ਮਾਰਕੀਟ ‘ਚ ਇਨ੍ਹਾਂ ਦੀ ਪੂਰੀ ਸਪਲਾਈ ਹੋਣ ਦੇ ਬਾਅਦ ਪਲਾਸਟਿਕ ਦੇ ਲਿਫ਼ਾਫ਼ਿਆਂ ‘ਤੇ ਪੂਰਨ ਪਾਬੰਦੀ ਹੋਵੇਗੀ। ਸ. ਪੰਨੂੰ ਨੇ ਦੱਸਿਆ ਕਿ ਬੋਰਡ ਨੇ ਮੱਕੀ ਅਤੇ ਆਲੂ ਦੇ ਸਟਾਰਚ ਨੂੰ ਵਰਤ ਕੇ ਗਲਣਸ਼ੀਲ ਲਿਫ਼ਾਫ਼ੇ ਤਿਆਰ ਕਰਨ ਵਾਲੇ ਉਦਯੋਗਾਂ ਨਾਲ ਤਾਲਮੇਲ ਕੀਤਾ ਹੈ, ਕਿਉਂਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਕਈ ਉਦਯੋਗ ਅਜਿਹੇ ਲਿਫ਼ਾਫ਼ੇ ਤਿਆਰ ਕਰਨ ਲੱਗੇ ਹਨ। ਉਨ੍ਹਾਂ ਦੱਸਿਆ ਕਿ ਇਹ ਨਵੀਂ ਕਿਸਮ ਦੇ ਲਿਫ਼ਾਫ਼ੇ ਆਪਣੀ ਵਰਤੋਂ ਦੇ 6 ਮਹੀਨਿਆਂ ਦੇ ਅੰਦਰ-ਅੰਦਰ ਮਿੱਟੀ ਤੇ ਵਾਤਾਵਰਣ ‘ਚ ਗਲ ਜਾਂਦੇ ਹਨ ਅਤੇ ਇਨ੍ਹਾਂ ਦਾ ਵਾਤਾਵਰਣ ‘ਤੇ ਕੋਈ ਬੁਰਾ ਅਸਰ ਨਹੀਂ ਪੈਂਦਾ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੈਂਬਰ ਸਕੱਤਰ ਸ੍ਰੀ ਪਵਨ ਗਰਗ, ਨਗਰ ਨਿਗਮ ਪਟਿਆਲਾ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਸ੍ਰੀਮਤੀ ਵਿਨਤੀ ਸੰਗਰ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ ਤੇ ਸ੍ਰੀ ਰਜੇਸ਼ ਸ਼ਰਮਾ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ੍ਰੀ ਅੰਕੁਰ ਮਹਿੰਦਰੂ, ਸ੍ਰੀ ਸੋਨੂੰ ਸੰਗਰ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਪਟਿਆਲਾ ਰੀਜਨ ਦੇ ਐਕਸੀਐਨ ਸ. ਐਸ.ਐਸ. ਮਠਾੜੂ, ਐਸ.ਡੀ.ਓ. ਸ. ਗੁਰਕਰਨ ਸਿੰਘ ਸਮੇਤ ਇਹ ਲਿਫ਼ਾਫ਼ੇ ਤਿਆਰ ਕਰਨ ਵਾਲੀ ਕੰਪਨੀ ਦੇ ਨੁਮਾਇੰਦੇ ਵੀ ਮੌਜੂਦ ਸਨ।