ਪਟਿਆਲਾ ਸ਼ਹਿਰ ਵਿੱਚ ਕੂੜਾ ਸੁੱਟਣ ਲਈ ਅੰਡਰ ਗਰਾਊਂਡ ਡੰਪ ਬਣਾਏ ਜਾਣਗੇ- ਪ੍ਰਨੀਤ ਕੌਰ

ਪਟਿਆਲਾ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਤਿਆਰ ਕੀਤੀ ਯੋਜਨਾ ਦੇ ਪਹਿਲੇ ਪੜਾਅ ਤਹਿਤ ਅੱਜ ਪੰਜਾਬ ਦੇ ਸਥਾਨਕ ਸਰਕਾਰਾਂ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦੀ ਹਾਜ਼ਰੀ ਵਿੱਚ ਪਟਿਆਲਾ ਦੇ ਲੰਬੇ ਸਮੇਂ ਤੋਂ ਬੰਦ ਪਏ ਸੀਵਰੇਜ ਸਿਸਟਮ ਦੀ ਸੁਪਰ ਸਕਸ਼ਨ-ਕਮ-ਜੈਟਿੰਗ ਮਸ਼ੀਨ ਨਾਲ ਸਫ਼ਾਈ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਵਾਈ।
ਉਤਰ ਖੇਤਰੀ ਸਭਿਆਚਾਰਕ ਕੇਂਦਰ ਦੇ ਆਡੀਟੋਰੀਅਮ ਵਿਖੇ ਕਰਵਾਏ ਇੱਕ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ: ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਿੱਚ ਅੱਜ ਪਟਿਆਲਾ ਸ਼ਹਿਰ ਦੇ ਵਿਕਾਸ ਦੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੋਈ ਹੈ। ਉਹਨਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਸ਼ਹਿਰ ਦੀ ਸਾਰ ਨਹੀਂ ਲਈ ਗਈ ਜਿਸ ਕਰਕੇ ਸ਼ਹਿਰ ਦੇ ਸਾਰੇ ਬਰਸਾਤੀ ਨਾਲੇ ਅਤੇ ਸੀਵਰੇਜ ਲਾਈਨਾਂ ਬੰਦ ਹੋਣ ਕਾਰਨ ਇਤਿਹਾਸਕ ਪਟਿਆਲਾ ਸ਼ਹਿਰ ਨਰਕ ਦਾ ਰੂਪ ਧਾਰਨ ਕਰ ਰਿਹਾ ਸੀ। ਸ: ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੂਨੇ ਤੋਂ ਵਿਸੇਸ਼ ਤੌਰ ‘ਤੇ ਮੰਗਵਾਈ ਗਈ ਸੁਪਰ ਸਕਸ਼ਨ ਮਸ਼ੀਨ ਨਾਲ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਪਟਿਆਲਾ ਦੇ ਗੰਦੇ ਨਾਲੇ ਦੀ ਸਫ਼ਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅਜਿਹੀਆਂ 20-25 ਮਸ਼ੀਨਾਂ ਮੰਗਵਾ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਭੇਜੀਆਂ ਜਾਣਗੀਆਂ। ਸ: ਸਿੱਧੂ ਨੇ ਕਿਹਾ ਕਿ ਗਰੀਬ ਵਰਗ ਦੇ ਲੋਕਾਂ ਲਈ ਨਵੇਂ ਪਖਾਨੇ ਵੀ ਬਣਾ ਕੇ ਦਿੱਤੇ ਜਾਣਗੇ। ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਜੂਰ ਕੀਤੇ ਪਟਿਆਲਾ ਦੇ ਵਿਕਾਸ ਪ੍ਰਾਜੈਕਟਾਂ ਦੇ ਐਲਾਨਾਂ ਦੀ ਝੜੀ ਲਗਾਉਂਦਿਆਂ ਕਿਹਾ ਕਿ ਜਿੱਥੇ ਪਟਿਆਲਾ ਵਿਖੇ ਪੀਣ ਵਾਲੇ ਪਾਣੀ ਦੀ ਘਾਟ ਨੂੰ ਦੂਰ ਕਰਨ ਲਈ 36 ਨਵੇਂ ਟਿਊਬਵੈਲ ਲਗਾਏ ਜਾ ਰਹੇ ਹਨ ਉਥੇ ਹੀ ਵਿਸ਼ਵ ਬੈਂਕ ਦੀ ਮਦਦ ਨਾਲ ਪ੍ਰਾਜੈਕਟ ਲਗਾ ਕੇ ਛੇਤੀ ਹੀ ਭਾਖੜਾ ਨਹਿਰ ਤੋਂ 25 ਕਿਊਸਕ ਪਾਣੀ ਸ਼ਹਿਰ ਵਾਸੀਆਂ ਨੂੰ ਪੀਣ ਲਈ ਮੁਹੱਈਆ ਕਰਵਾਇਆ ਜਾਵੇਗਾ। ਸ: ਸਿੱਧੂ ਨੇ ਹੋਰ ਐਲਾਨ ਕਰਦਿਆਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਕੂੜਾ ਕਰਕਟ ਦੇ ਹੱਲ ਲਈ ਸੋਲਿਡ ਵੇਸਟ ਪ੍ਰਾਜੈਕਟ ਲਗਾ ਕੇ ਕੂੜਾ ਕਰਕਟ ਤੋਂ ਬਿਜਲੀ ਵੀ ਤਿਆਰ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਪਟਿਆਲਾ ਦੇ ਇਤਿਹਾਸਕ ਕਿਲ੍ਹਾ ਮੁਬਾਰਕ ‘ਤੇ ਪੰਜਾਬ ਸਰਕਾਰ ਵੱਲੋਂ 150 ਕਰੋੜ ਰੁਪਏ ਖਰਚ ਕੇ ਇਸ ਦੀ ਮੁਰੰਮਤ ਕਰਵਾਈ ਜਾਵੇਗੀ ਅਤੇ ਇਸ ਨੂੰ ਸੈਰ ਸਪਾਟੇ ਦੇ ਸਥਾਨ ਵੱਜੋਂ ਵਿਕਸਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਿਲ੍ਹਾ ਮੁਬਾਰਕ ਵਿਖੇ ਬਾਬਾ ਆਲਾ ਸਿੰਘ ਵੇਲੇ ਦੇ ਦੁਰਲੱਬ ਕੰਧ ਚਿੱਤਰਾਂ ਅਤੇ ਹਾਥੀ ਦੰਦ ਦੀ ਮੀਨਾਕਾਰੀ ਵਾਲੇ ਦਰਵਾਜ਼ਿਆਂ ਦੀ ਮੁਰੰਮਤ ਕਰਵਾ ਕੇ ਉਹਨਾਂ ਨੂੰ ਪੁਰਾਣੀ ਦਿੱਖ ਪ੍ਰਦਾਨ ਕੀਤੀ ਜਾਵੇਗੀ। ਸ: ਸਿੱਧੂ ਨੇ ਕਿਹਾ ਕਿ ਸਥਾਨਕ ਸਰਕਾਰ ਵਿਭਾਗ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਈ-ਗਵਰਨੈਸ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ ਜਿਸ ਨਾਲ ਲੋਕਾਂ ਦੇ ਕੰਮ ਘਰ ਬੈਠੇ ਹੀ ਨੇਪਰੇ ਚੜ੍ਹ ਸਕਣਗੇ। ਸ: ਸਿੱਧੂ ਨੇ ਕਿਹਾ ਕਿ ਸ਼ਹਿਰਾਂ ਵਿੱਚ ਫਾਇਰ ਬ੍ਰਿਗੇਡ ਸੇਵਾਵਾਂ ਮੁਹੱਈਆ ਕਰਵਾਉÎਣ ਲਈ ਡਿਜਾਸਟਰ ਮੈਨੇਜਮੈਂਟ ਤਹਿਤ ਪਿਛਲੀ ਸਰਕਾਰ ਕੋਲ 90 ਕਰੋੜ ਰੁਪਏ ਆਏ ਸਨ ਪਰ ਉਹ ਰਾਸ਼ੀ ਉਹਨਾਂ ਵੱਲੋਂ ਪਤਾ ਨਹੀਂ ਕਿੱਥੇ ਖੁਰਦ-ਬੁਰਦ ਕਰ ਦਿੱਤੀ ਗਈ। ਉਹਨਾਂ ਕਿਹਾ ਕਿ ਛੇਤੀ ਹੀ ਪਟਿਆਲਾ ਵਿਖੇ ਫਾਇਰ ਬ੍ਰਿਗੇਡ ਦੇ ਡਾਇਰੈਕਟੋਰੇਟ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਪਟਿਆਲਾ ਨੂੰ ਤਿੰਨ ਜਾਂ ਚਾਰ ਨਵੀਂਆਂ ਫਾਇਰ ਬ੍ਰਿਗੇਡ ਗੱਡੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਸ: ਸਿੱਧੂ ਨੇ ਕਿਹਾ ਕਿ ਪਟਿਆਲਾ ਮੇਰੀ ਜਨਮ ਭੂਮੀ ਹੈ ਇਸ ਲਈ ਪਟਿਆਲਾ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਗਾਂ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਗਠਨ ਵਿੱਚ ਪਟਿਆਲਵੀਆਂ ਦਾ ਵੱਡਾ ਯੋਗਦਾਨ ਹੈ ਇਸ ਲਈ ਮੁੱਖ ਮੰਤਰੀ ਵੱਲੋਂ ਪਟਿਆਲਾ ਸ਼ਹਿਰ ਦੇ ਵਿਕਾਸ ਵਿੱਚ ਲੰਮੇ ਸਮੇਂ ਤੋਂ ਆਈ ਖੜੌਤ ਨੂੰ ਦੂਰ ਕਰਦਿਆਂ ਪਟਿਆਲਾ ਦੇ ਸਰਬਪੱਖੀ ਵਿਕਾਸ ਲਈ ਵਿਸੇਸ਼ ਪ੍ਰਾਜਕੈਟ ਤਿਆਰ ਕੀਤੇ ਹਨ। ਉਹਨਾਂ ਕਿਹਾ ਕਿ ਪੀਣ ਵਾਲਾ ਪਾਣੀ, ਸਿਹਤ, ਸਿਖਿਆ ਤੇ ਸਫ਼ਾਈ ਹਰੇਕ ਨਾਗਰਿਕ ਦਾ ਜਨਮ ਸਿੱਧ ਅਧਿਕਾਰ ਹੈ। ਇਸ ਲਈ ਪਟਿਆਲਾ ਦਾ ਚਹੁਮੁੱਖੀ ਵਿਕਾਸ ਕਰਵਾਇਆ ਜਾਵੇਗਾ ਤਾਂ ਕਿ ਹਰੇਕ ਵਰਗ ਨੂੰ ਇਸ ਦਾ ਲਾਭ ਮਿਲ ਸਕੇ। ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਦੇ ਵਸਨੀਕਾਂ ਨੂੰ ਕੂੜਾ ਕਰਕਟ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਲਈ ਛੇਤੀ ਹੀ ਪਟਿਆਲਾ ਸ਼ਹਿਰ ਵਿੱਚ ਚੋਣਵੀਆਂ ਥਾਂਵਾਂ ‘ਤੇ ਕੂੜਾ ਸੁੱਟਣ ਲਈ ਅੰਡਰ ਗਰਾਊਂਡ ਡੰਪ ਬਣਾਏ ਜਾਣਗੇ।
ਇਸ ਮੌਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਸ੍ਰੀ ਸਿੱਧੂ ਤੇ ਸ੍ਰੀਮਤੀ ਪ੍ਰਨੀਤ ਕੌਰ ਸਮੇਤ ਸਮਾਗਮ ਵਿੱਚ ਪੁੱਜੀਆਂ ਸਮੂਹ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਟਿਆਲਾ ਦੇ ਵਿਕਾਸ ਲਈ ਜੋ ਵੀ ਪ੍ਰਾਜੈਕਟ ਜਾਂ ਯੋਜਨਾਵਾਂ ਉਲੀਕੀਆਂ ਗਈਆਂ ਹਨ ਉਹਨਾਂ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨੇਪਰੇ ਚਾੜਿਆ ਜਾਵੇਗਾ। ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਪੁੱਜੀਆਂ ਸਮੂਹ ਸ਼ਖਸ਼ੀਅਤਾਂ ਨੂੰ ਨਗਰ ਨਿਗਮ ਦੀ ਤਰਫੋਂ ਜੀ ਆਇਆ ਕਿਹਾ ਅਤੇ ਸੀਵਰੇਜ ਤੇ ਗੰਦੇ ਨਾਲਿਆਂ ਦੀ ਸਫ਼ਾਈ ਦੇ ਪ੍ਰਾਜੈਕਟ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਪਟਿਆਲਾ ਦੀ 50 ਫੀਸਦੀ ਆਬਾਦੀ ਅੰਦਰੂਨੀ ਸ਼ਹਿਰ ਵਿੱਚ ਵੱਸਦੀ ਹੈ ਅਤੇ ਇਸ ਪ੍ਰਾਜੈਕਟ ਨਾਲ ਪਟਿਆਲਾ ਸ਼ਹਿਰ ਦੇ ਨਾਲ-ਨਾਲ ਕਰੀਬ 29 ਕਲੌਨੀਆਂ ਦੇ ਵਸਨੀਕਾਂ ਨੂੰ ਲਾਭ ਪੁੱਜੇਗਾ।

Be the first to comment

Leave a Reply