ਪਦਮਾਵਤੀ’ ਨਹੀਂ ਹੁਣ ‘ਪਦਮਾਵਤ ਫ਼ਿਲਮ 25 ਜਨਵਰੀ ਨੂੰ ਹੋਵੇਗੀ ਰਿਲੀਜ਼

ਨਵੀਂ ਦਿੱਲੀ: ਵਿਵਾਦਾਂ ਵਿੱਚ ਘਿਰੀ ਫ਼ਿਲਮ ਨੂੰ ਬਦਲੇ ਨਾਂ ‘ਪਦਮਾਵਤ’ ਹੇਠ ਰਿਲੀਜ਼ ਕਰਨ ਦਾ ਐਲਾਨ ਹੋ ਗਿਆ ਹੈ। ਇਹ ਫ਼ਿਲਮ 25 ਜਨਵਰੀ ਨੂੰ ਰਿਲੀਜ਼ ਹੋਵੇਗੀ। ਵੱਡੇ ਬਜਟ ਦੀ ਇਸ ਫ਼ਿਲਮ ਨੇ ਅਕਸ਼ੈ ਕੁਮਾਰ ਤੇ ਮਨੋਜ ਵਾਜਪੇਈ ਵਰਗੇ ਵੱਡੇ ਕਲਾਕਾਰਾਂ ਦੀਆਂ ਫ਼ਿਲਮਾਂ ਲਈ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਅਕਸ਼ੈ ਕੁਮਾਰ ਦੀ ਸਮਾਜ ਸੁਧਾਰ ਤੇ ਇਸਤਰੀਆਂ ਦੀ ਦਸ਼ਾ ‘ਤੇ ਬਣੀ ਫ਼ਿਲਮ ‘ਪੈਡਮੈਨ’ ਤੇ ਸਿੱਧਾਰਥ ਮਲਹੋਤਰਾ ਤੇ ਮਨੋਜ ਵਾਜਪੇਈ ਦੀ ਫ਼ਿਲਮ ‘ਅੱਯਾਰੀ’ ਆਉਂਦੀ 26 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਨ੍ਹਾਂ ਲਈ ਇਸ ਉੱਚ ਪੱਧਰੀ ਤੇ ਵੱਡੇ ਬਜਟ ਵਾਲਾ ਪ੍ਰਾਜੈਕਟ ‘ਪਦਮਾਵਤ’ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇਸ ਤੋਂ ਪਹਿਲਾਂ ‘ਪਦਮਾਵਤ’ ਫ਼ਿਲਮ ਦਾ ‘ਪਦਮਾਵਤੀ’ ਰੱਖਿਆ ਗਿਆ ਸੀ ਤੇ ਇਹ ਬੀਤੇ ਸਾਲ 1 ਦਸੰਬਰ ਨੂੰ ਰਿਲੀਜ਼ ਕੀਤੀ ਜਾਣੀ ਸੀ ਪਰ ਕਰਨੀ ਸੈਨਾ ਤੇ ਹੋਰਾਂ ਵੱਲੋਂ ਵਿਰੋਧ ਦਾ ਸਾਹਮਣਾ ਕਰਨ ਤੋਂ ਬਾਅਦ ਫ਼ਿਲਮ ਦੀ ਰਿਲੀਜ਼ ਅੱਗੇ ਪਾ ਦਿੱਤੀ ਗਈ ਸੀ। ਸੈਂਸਰ ਬੋਰਡ ਨੇ ਫ਼ਿਲਮ ਨੂੰ 5 ਥਾਵਾਂ ‘ਤੇ ਕੈਂਚੀ ਮਾਰ ਕੇ U/A ਪ੍ਰਮਾਣ ਪੱਤਰ ਯਾਨੀ ਬਾਲਗਾਂ ਦੀ ਨਿਗਰਾਨੀ ਤੇ ਨਿਰਦੇਸ਼ਾਂ ਤਹਿਤ ਵਿਖਾਏ ਜਾਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸੈਂਸਰ ਬੋਰਡ ਨੇ ਫ਼ਿਲਮ ਦੇ ਨਿਰਮਾਤਾਵਾਂ ਨੂੰ ਸਾਵਧਾਨੀ (ਡਿਸਕਲੇਮਰ) ਜੋੜਨ ਦੇ ਨਿਰਦੇਸ਼ ਦਿੱਤੇ ਸਨ। ਫਿਲਹਾਲ ਇਹ ਜਾਣਕਾਰੀ ਨਹੀਂ ਮਿਲੀ ਹੈ ਕਿ ਫ਼ਿਲਮ ਨੂੰ ਕਿੰਨੇ ਸਿਨੇਮਾਘਰਾਂ ਤੇ ਕਿੱਥੇ-ਕਿੱਥੇ ਜਾਰੀ ਕੀਤਾ ਜਾਵੇਗਾ।

Be the first to comment

Leave a Reply