ਪਨਾਮਾ ਪੇਪਰ ਮਾਮਲਾ: ਨਵਾਜ਼ ਸ਼ਰੀਫ਼ ਹੋਏ ਅਦਾਲਤ ਵਿੱਚ ਪੇਸ਼

ਇਸਲਾਮਾਬਾਦ –  ਪਨਾਮਾ ਕਾਗਜ਼ਾਤ ਘੁਟਾਲੇ ਦੇ ਕੇਸ ਸਬੰਧੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਦਾਲਤ ਵਿੱਚ ਪੇਸ਼ ਹੋਏ ਤੇ ਅਦਾਲਤ ਵੱਲੋਂ ਦੋ ਅਕਤੂਬਰ ਨੂੰ ਉਨ੍ਹਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਜਾਣਗੇ। ਅਦਾਲਤ ਨੇ ਨਵੇਂ ਸਿਰੇ ਤੋਂ ਸ੍ਰੀ ਸ਼ਰੀਫ਼ ਦੇ ਬੱਚਿਆਂ ਅਤੇ ਜਵਾਈ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਅਦਾਲਤ ਨੇ ਕਿਹਾ ਹੈ ਕਿ ਪ੍ਰਤੀ ਮੁਲਜ਼ਮ 10 ਲੱਖ ਰੁਪਏ ਮੁਚੱਲਕਾ ਭਰ ਕੇ ਹੀ ਜ਼ਮਾਨਤ ਲਈ ਜਾ ਸਕਦੀ ਹੈ। ਬਾਅਦ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਰੀਫ਼ ਨੇ ਕਿਹਾ ਕਿ ਉਹ ਬੇਕਸੂਰ ਹਨ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਇਸ ਦੇਸ਼ ਨੂੰ ਸੰਵਿਧਾਨ ਦੀਆਂ ਲੀਹਾਂ ’ਤੇ ਵਿਗਸਣ ਦੇਣਾ ਚਾਹੀਦਾ ਹੈ। ਜੇ ਸੰਵਿਧਾਨ ਲੋਕਾਂ ਨੂੰ ਰਾਜ ਕਰਨ ਦਾ ਹੱਕ ਦਿੰਦਾ ਹੈ ਤਾਂ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋਣ ਦੇਣਾ ਚਾਹੀਦਾ ਹੈ, 67 ਸਾਲਾ ਸ਼ਰੀਫ਼ ਕੱਲ੍ਹ ਹੀ ਲੰਡਨ ਤੋਂ ਪਰਤੇ ਹਨ, ਜਿੱਥੇ ਉਹ ਆਪਣੀ ਬਿਮਾਰ ਪਤਨੀ ਦੇ ਨਾਲ ਸਨ। ਉਹ ਆਪਣੇ ਵਕੀਲ ਖਵਾਜਾ ਹਾਰਿਸ ਨਾਲ ਅਦਾਲਤ ਪੁੱਜੇ ਸਨ। ਅਦਾਲਤ ਨੇ ਪਿਛਲੇ ਹਫ਼ਤੇ ਸ੍ਰੀ ਸ਼ਰੀਫ਼, ਉਨ੍ਹਾਂ ਦੀ ਧੀ ਮਰੀਅਮ ਅਤੇ ਜਵਾਈ ਸਫ਼ਦਰ ਨੂੰ 26 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਉਹ ਪੇਸ਼ ਨਹੀਂ ਹੋਏ। ਵਕੀਲ ਨੇ ਕਿਹਾ ਉਹ ਲੰਡਨ ਵਿੱਚ ਆਪਣੀ ਮਾਂ ਦਾ ਖਿਆਲ ਰੱਖ ਰਹੇ ਹਨ। ਅਦਾਲਤ ਨੇ ਇਹ ਦਲੀਲ ਰੱਦ ਕਰਦਿਆਂ ਉਨ੍ਹਾਂ ਨੂੰ ਦੋ ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਤੇ ਨਾਲ ਹੀ ਮਰੀਅਮ, ਹੁਸੈਨ, ਹਸਨ ਅਤੇ ਸਫ਼ਦਰ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ। ਸ੍ਰੀ ਸ਼ਰੀਫ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਦਾ ਲੰਡਨ ਵਿੱਚ ਆਪਣੀ ਪਤਨੀ ਕੋਲ ਹੋਣਾ ਜ਼ਰੂਰੀ ਹੈ। ਇਸ ਲਈ ਉਨ੍ਹਾਂ ਨੂੰ ਨਿੱਜੀ ਪੇਸ਼ੀ ਤੋਂ ਛੋਟ ਦਿੱਤੀ ਜਾਵੇ। ਇਸ ਦਲੀਲ ਨੂੰ ਵੀ ਰੱਦ ਕਰਦਿਆਂ ਅਦਾਲਤ ਨੇ ਕਿਹਾ ਕਿ ਪਹਿਲਾਂ ਦੋ ਅਕਤੂਬਰ ਨੂੰ ਸ੍ਰੀ ਸ਼ਰੀਫ਼ ਪੇਸ਼ ਹੋਣ, ਉਸ ਤੋਂ ਬਾਅਦ ਨਿੱਜੀ ਪੇਸ਼ੀ ਤੋਂ ਛੋਟ ਸਬੰਧੀ ਮਾਮਲਾ ਵਿਚਾਰਿਆ ਜਾਵੇਗਾ। ਸ੍ਰੀ ਸ਼ਰੀਫ ਦੇ ਕਾਨੂੰਨੀ ਸਹਾਇਕ ਜ਼ਫਰਉੱਲ੍ਹਾ ਖ਼ਾਨ ਨੇ ਕਿਹਾ ਕਿ ਦੋਸ਼ ਆਦਿ ਕਰਨ ਤੋਂ ਪਹਿਲਾਂ ਹੋਰ ਸਮਾਂ ਦਿੱਤਾ ਜਾਣਾ ਚਾਹੀਦਾ ਸੀ। ਜਦੋਂ ਤੱਕ ਸਾਰੇ ਮੁਲਜ਼ਮ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ, ਉਦੋਂ ਤੱਕ ਦੋਸ਼ ਆਇਦ ਨਹੀਂ ਕੀਤੇ ਜਾ ਸਕਦੇ। ਕੇਸ ਦੀ ਤਿਆਰੀ ਲਈ ਉਨ੍ਹਾਂ ਨੂੰ ਹੋਰ ਸਮਾਂ ਦਿੱਤਾ ਜਾਣਾ ਚਾਹੀਦਾ ਹੈ।

Be the first to comment

Leave a Reply