ਪਰਵੇਜ਼ ਮੁਸ਼ੱਰਫ਼ ਦਾ ਪਛਾਣ ਪੱਤਰ ਤੇ ਪਾਸਪੋਰਟ ਰੱਦ

ਲਾਹੌਰ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ਼ ਦਾ ਪਛਾਣ ਪੱਤਰ ਅਤੇ ਪਾਸਪੋਰਟ ਰੱਦ ਕਰ ਦਿਤਾ ਗਿਆ ਹੈ। ਪਾਕਿਸਤਾਨ ਸਰਕਾਰ ਦੇ ਅੰਦਰੂਨੀ ਮੰਤਰਾਲਾ ਨੇ 1 ਜੂਨ ਨੂੰ ਇਸ ਨਾਲ ਸਬੰਧਤ ਇਕ ਆਦੇਸ਼ ਜਾਰੀ ਕੀਤਾ ਸੀ। ਇਸ ‘ਚ ਕਿਹਾ ਗਿਆ ਸੀ ਕਿ ਵਿਸ਼ੇਸ਼ ਅਦਾਲਤ ਦੇ 8 ਮਾਰਚ ਦੇ ਫ਼ੈਸਲੇ ਦੇ ਆਧਾਰ ‘ਤੇ ਮੁਸ਼ੱਰਫ਼ ਦਾ ਪਾਸਪੋਰਟ ਅਤੇ ਪਛਾਣ ਪੱਤਰ ਰੱਦ ਕਰ ਦਿਤਾ ਜਾਣਾ ਚਾਹੀਦਾ ਹੈ। ਹੁਣ ਇਸ ਆਦੇਸ਼ ਦੇ ਲਾਗੂ ਹੋਣ ਮਗਰੋਂ ਦੁਬਈ ‘ਚ ਰਹਿ ਰਹੇ ਮੁਸ਼ੱਰਫ਼ ਵਿਦੇਸ਼ ਯਾਤਰਾ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਉਨ੍ਹਾਂ ਦੇ ਬੈਂਕ ਖਾਤੇ ਵੀ ਜ਼ਬਤ ਹੋ ਜਾਣਗੇ। ਜ਼ਿਕਰਯੋਗ ਹੈ ਕਿ ਸਾਲ 2007 ‘ਚ ਸੰਵਿਧਾਨ ਨੂੰ ਪਲਟ ਕੇ ਰਾਸ਼ਟਰਪਤੀ ਸ਼ਾਸਨ ਲਗਾਉਣ ਲਈ ਉਨ੍ਹਾਂ ‘ਤੇ ਦੇਸ਼ਧ੍ਰੋਹ ਦਾ ਮਾਮਲਾ ਚਲ ਰਿਹਾ ਹੈ। ਜ਼ਿਕਰਯੋਗ ਹੈ ਕਿ ਮੁਸ਼ੱਰਫ਼ ਨੇ ਸਾਲ 2007 ‘ਚ ਪਾਕਿਸਤਾਨ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਸੀ। ਇਸ ਕਾਰਨ ਦੇਸ਼ ਦੇ ਕਈ ਵੱਡੇ ਜੱਜਾਂ ਨੂੰ ਉਨ੍ਹਾਂ ਦੇ ਘਰਾਂ ‘ਚ ਕੈਦ ਕਰ ਦਿਤਾ ਗਿਆ ਸੀ। ਇਸ ਤੋਂ ਇਲਾਵਾ 100 ਤੋਂ ਵੀ ਵੱਧ ਜੱਜਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿਤਾ ਗਿਆ ਸੀ। ਸਾਲ 2013 ‘ਚ ਸੱਤਾ ‘ਤੇ ਮੁੜ ਕਾਬਜ਼ ਹੋਣ ਮਗਰੋਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਪਹਿਲੀ ਵਾਰ ਸੰਸਦ ਨੂੰ ਮੁਸ਼ੱਰਫ਼ ਵਿਰੁਧ ਦੇਸ਼ਧ੍ਰੋਹ ਦਾ ਮਾਮਲਾ ਦਾਇਰ ਕਰਨ ਬਾਰੇ ਸੂਚਿਤ ਕੀਤਾ ਸੀ। ਮੁਸ਼ੱਰਫ਼ 2014 ‘ਚ ਦੇਸ਼ਧ੍ਰੋਹ ਦੇ ਮਾਮਲੇ ‘ਚ ਦੋਸ਼ੀ ਪਾਏ ਗਏ ਸਨ। ਇਸ ਮਗਰੋਂ ਉਨ੍ਹਾਂ ਵਿਰੁਧ ਪਾਕਿਸਤਾਨ ਦੀ ਵਿਸ਼ੇਸ਼ ਅਦਾਲਤ ‘ਚ ਸੁਣਵਾਈ ਚਲ ਰਹੀ ਹੈ। ਸਾਲ 2016 ‘ਚ ਸੁਣਵਾਈ ਦੌਰਾਨ ਹੀ ਮੁਸ਼ੱਰਫ਼ ਇਲਾਜ ਲਈ ਦੁਬਈ ਚਲੇ ਗਏ ਸਨ। ਇਸ ਦੇ ਕੁੱਝ ਮਹੀਨੇ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਭਗੌੜਾ ਐਲਾਨ ਦਿਤਾ ਸੀ ਅਤੇ ਉਨ੍ਹਾਂ ਦੀ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਆਦੇਸ਼ ਦਿਤਾ ਸੀ। ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ ‘ਐਕਸਪ੍ਰੈਸ ਟ੍ਰਿਬਿਊਨ’ ਦੀ ਰੀਪੋਰਟ ਮੁਤਾਬਕ ਰਾਸ਼ਟਰੀ ਡਾਟਾ ਬੇਸ ਰਜਿਸਟ੍ਰੇਸ਼ਨ ਅਥਾਰਟੀ ਨੇ ਮੁਸ਼ੱਰਫ਼ ਦਾ ਪਛਾਣ ਪੱਤਰ ਮੁਅੱਤਲ ਕਰ ਦਿਤਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਦਾ ਪਾਸਪੋਰਟ ਵੀ ਅਪਣੇ ਆਪ ਮੁਅੱਤਲ ਹੋ ਗਿਆ ਹੈ।