ਪਹਿਲਾਂ ਹੀ ਇਕ ਬਚਤ ਖਾਤਾ ਹੋਣ ਦੇ ਬਾਅਦ ਦੂਸਰਾ ਨਵਾਂ ਖਾਤਾ ਖੋਲ੍ਹਣ ਵਾਸਤੇ ਪ੍ਰੇਸ਼ਾਨੀ ਹੋ ਸਕਦੀ

ਨਵੀਂ ਦਿੱਲੀ: ਭਾਰਤ ਦੇ ਬੈਂਕ ਇੱਕੋ ਵਿਅਕਤੀ ਦੇ ਇਕ ਤੋਂ ਵੱਧ ਬਚਤ ਖਾਤੇ ਨੂੰ ਬੰਦ ਕਰਨ ਦੀ ਤਿਆਰੀ ਕਰ ਰਹੇ ਹਨ। ਆਧਾਰ ਕਾਰਡ ਨਾਲ ਖਾਤੇ ਨੂੰ ਜੋੜਨ ਪਿੱਛੋਂ ਬੈਕਾਂ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਲੋਕ ਮਾਇਕ ਲੈਣ-ਦੇਣ ਕਿੱਥੇ-ਕਿੱਥੇ ਕਰਦੇ ਹਨ। ਅਜੇ ਤਕ ਖਾਤੇ ਬੰਦ ਨਹੀਂ ਕੀਤੇ ਗਏ, ਪਰ ਪਹਿਲਾਂ ਹੀ ਇਕ ਬਚਤ ਖਾਤਾ ਹੋਣ ਦੇ ਬਾਅਦ ਦੂਸਰਾ ਨਵਾਂ ਖਾਤਾ ਖੋਲ੍ਹਣ ਵਾਸਤੇ ਪ੍ਰੇਸ਼ਾਨੀ ਹੋ ਸਕਦੀ ਹੈ। ਵੈਸੇ ਰਿਜ਼ਰਵ ਬੈਂਕ ਆਫ ਇੰਡੀਆ (ਆਰ ਬੀ ਆਈ) ਨੇ ਬੈਂਕਾਂ ਨੂੰ ਬਚਤ ਖਾਤੇ ਸੀਮਤ ਕਰਨ ਦੇ ਕੋਈ ਹੁਕਮ ਨਹੀਂ ਦਿੱਤੇ।

ਇਕ ਬੈਂਕ ਅਧਿਕਾਰੀ ਦੇ ਦੱਸਣ ਮੁਤਾਬਕ ਕੋਈ ਵੀ ਵਿਅਕਤੀ 2 ਖਾਤੇ ਰੱਖ ਸਕਦਾ ਹੈ, ਪਰ ਖਾਤੇ ਵਿੱਚ ਕੁਝ ਬੈਲੰਸ ਜ਼ਰੂਰ ਹੋਣਾ ਚਾਹੀਦਾ ਹੈ। ਇਸ ਦੇ ਇਲਾਵਾ ਗਾਹਕ ਆਪਣੇ ਪਰਿਵਾਰ ਦੇ ਨਾਲ ਖਾਤਾ ਖੁੱਲ੍ਹਵਾ ਸਕਦਾ ਹੈ। ਖਬਰਾਂ ਮੁਤਾਬਕ ਬੈਂਕ ਚਾਹੁੰਦੇ ਹਨ ਕਿ ਇਕ ਵਿਅਕਤੀ ਦੇ ਨਾਮ ਇਕੋ ਬਚਤ ਖਾਤਾ ਹੋਵੇ।

ਇਹ ਸਾਰੇ ਬੈਂਕ ਆਪਣੇ-ਆਪਣੇ ਪੱਧਰ ਉੱਤੇ ਅਜਿਹਾ ਕਰ ਰਹੇ ਹਨ। ਆਉਂਦੇ ਦਿਨਾਂ ਵਿੱਚ ਹੋ ਸਕਦਾ ਹੈ ਕਿ ਇਕ ਵਿਅਕਤੀ ਦੇ ਨਾਮ ਸਿਰਫ ਇਕ ਹੀ ਬਚਤ ਖਾਤਾ ਹੋਵੇ। ਜੇ ਕਿਸੇ ਵਿਅਕਤੀ ਦਾ ਬੈਂਕ ਵਿੱਚ ਬਚਤ ਖਾਤੇ ਦੇ ਇਲਾਵਾ ਕਰੰਟ ਖਾਤਾ ਜਾਂ ਕਿਸੇ ਹੋਰ ਦੇ ਨਾਲ ਸਾਂਝਾ ਖਾਤਾ ਹੈ ਤਾਂ ਉਸ ਉੱਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ। ਨਿੱਜੀ ਖਾਤਾ ਹੋਣ ਦੇ ਬਾਵਜੂਦ ਪਤੀ-ਪਤਨੀ ਜਾਂ ਸਾਂਝ ਵਾਲਾ ਖਾਤਾ ਖੋਲ੍ਹਿਆ ਜਾ ਸਕੇਗਾ।

ਬੈਂਕਿੰਗ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹੋ ਜਿਹੀ ਗੱਲ ਨਹੀਂ ਕਿ ਇਕ ਵਿਅਕਤੀ ਦੇ ਇਕ ਤੋਂ ਵਧ ਖਾਤੇ ਖੋਲ੍ਹੇ ਜਾ ਰਹੇ ਹਨ, ਪਰ ਉਨ੍ਹਾਂ ਦੀ ਆਈ ਡੀ ਇਕੋ ਰਹੇਗੀ। ਪਹਿਲਾਂ ਇਹ ਆਈ ਡੀ ਵੱਖ-ਵੱਖ ਹੁੰਦੀ ਸੀ। ਖਬਰਾਂ ਮੁਤਾਬਕ ਏ ਟੀ ਐੱਮ ਵਿੱਚੋਂ ਪੈਸੇ ਕਢਵਾਉਣ ਉੱਤੇ ਲੱਗੀਆਂ ਪਾਬੰਦੀਆਂ ਦੇ ਕਾਰਨ ਵਾਧੂ ਬੈਂਕ ਖਾਤੇ ਖੁੱਲ੍ਹ ਰਹੇ ਸਨ।

ਛੋਟੇ ਸ਼ਹਿਰਾਂ ਵਿੱਚ ਇਕ ਮਹੀਨੇ ਵਿੱਚ 5 ਅਤੇ ਵੱਡੇ ਸ਼ਹਿਰਾਂ ਵਿੱਚ ਤਿੰਨ ਵਾਰ ਪੈਸੇ ਬਿਨਾਂ ਕਿਸੇ ਚਾਰਜ ਦੇ ਕਢਵਾਏ ਜਾ ਸਕਦੇ ਹਨ। ਇਸ ਤੋਂ ਵੱਧ ਵਾਰ ਉੱਤੇ ਬੈਂਕ ਅੱਗੋਂ ਚਾਰਜ ਲੈਂਦੇ ਹਨ। ਕੁਝ ਗਾਹਕਾਂ ਨੇ ਇਕੋ ਬੈਂਕ ਵਿੱਚ ਵਾਧੂ ਨਿੱਜੀ ਖਾਤੇ ਖੁੱਲ੍ਹਵਾਏ ਸਨ ਤਾਂ ਕਿ ਉਹ ਏ ਟੀ ਐੱਮ ਉੱਤੇ ਮੁਫਤ ਟ੍ਰਾਂਜੈਕਸ਼ਨ ਦੇ ਬਾਅਦ ਲੱਗਣ ਵਾਲੇ ਚਾਰਜਾਂ ਤੋਂ ਬਚ ਸਕਣ।

Be the first to comment

Leave a Reply