ਪਾਕਿਸਤਾਨ ‘ਚ ਇਮਰਾਨ ਖ਼ਿਲਾਫ਼ ਚੋਣ ਮੈਦਾਨ ‘ਚ ਉਤਰੀ ਸ਼ਹਲਾ ਰਜ਼ਾ

ਕਰਾਚੀ – ਬਿਲਾਵਲ ਭੁੱਟੋ ਦੀ ਪਾਰਟੀ ਪਾਕਿਸਤਾਨ ਪੀਪੁਲਸ ਪਾਰਟੀ ਨੇ ਪਾਕਿਸਤਾਨ ਤਹਿਰੀਕ ਏ ਇਨਸਾਫ ਯਾਨੀ ਪੀਟੀਆਈ ਦੇ ਮੁਖੀ ਇਮਰਾਨ ਖ਼ਾਨ ਦੇ ਖ਼ਿਲਾਫ਼ ਅਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਬਿਲਾਵਲ ਦੀ ਪਾਰਟੀ ਨੇ ਸਿੰਧ ਅਸੈਂਬਲੀ ਦੀ ਸਾਬਕਾ ਡਿਪਟੀ ਸਪੀਕਰ ਸ਼ਹਿਲਾ ਰਜ਼ਾ ਨੂੰ ਇਮਰਾਨ ਖ਼ਾਨ ਦੇ ਖ਼ਿਲਾਫ਼ ਮੈਦਾਨ ਵਿਚ ਉਤਾਰਨ ਦਾ ਫੈਸਲਾ ਕੀਤਾ ਹੈ। ਪਾਰਟੀ ਵਲੋਂ ਆਮ ਚੋਣਾਂ ਦੇ ਲਈ 160 ਸੀਟਾਂ ‘ਤੇ ਉਮੀਦਵਾਰਾਂ ਦੇ ਨਾਂ ਜਾਰੀ ਕਰ ਦਿੱਤੇ ਗਏ ਹਨ। ਪਾਰਟੀ ਨੇ ਸੂਬਾਈ ਚੋਣਾਂ ਦੇ ਲਈ ਵੀ ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਦਿੱਤਾ। ਰਜ਼ਾ 25 ਜੁਲਾਈ ਨੂੰ ਕਰਾਚੀ ਦੀ ਐਨਏ-243 ਸੰਸਦੀ ਸੀਟ ਤੋਂ ਚੋਣ ਲੜੇਗੀ। ਸ਼ਹਲਾ ਰਜ਼ਾ ਹਾਲ ਹੀ ਵਿਚ ਉਸ ਸਮੇਂ ਸੁਰਖੀਆਂ ਵਿਚ ਆਈ ਸੀ ਜਦ ਪਾਕਿਸਤਾਨ ਮੁਸਲਿਮ ਲੀਗ ਫੰਕਸ਼ਨਲ ਦੇ ਇਕ ਮੈਂਬਰ ਨੇ ਉਨ੍ਹਾਂ ‘ਤੇ ਜੁੱਤੀ ਸੁੱਟੀ ਸੀ। ਇਸ ਵਿਚ ਬਿਲਾਵਲ ਭੁੱਟੋ ਲਾਰਕਾਨਾ ਅਤੇ ਪਾਰਟੀ ਦਾ ਮਜ਼ਬੂਤ ਗੜ੍ਹ ਲਿਆਰੀ ਤੋਂ ਚੋਣ ਲੜਨਗੇ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਬਿਲਾਵਲ ਦੇ ਪਿਤਾ ਆਸਿਫ ਅਲ ਜ਼ਰਦਾਰੀ ਨਵਾਬਸ਼ਾਹ ਅਤੇ ਵਿਰੋਧੀ Îਧਿਰ ਦੇ ਸਾਬਕਾ ਨੇਤਾ ਖੁਰਸ਼ੀਦ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ। ਇਸ ਵਾਰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ਦਾ ਸਪਨਾ ਦੇਖ ਰਹੇ Îਇਮਰਾਨ ਖਾਨ ਨੇ ਪੰਜ ਜਗ੍ਹਾ ਤੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਸੂਤਰਾਂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਮਰਾਨ ਬਾਨੂ, ਰਾਵਲਪਿੰਡੀ, ਮੀਆਂਵਾਲੀ, ਲਾਹੌਰ, ਕਰਾਚੀ ਤੋਂ ਚੋਣ ਮੈਦਾਨ ਵਿਚ ਹੋਣਗੇ।