ਪਾਕਿਸਤਾਨ ਤੋਂ ਮੰਗਵਾਈ ਗਈ ਸੀ 20 ਕਰੋੜ ਦੀ ਹੈਰੋਇਨ

ਲੁਧਿਆਣਾ – ਕਾਰ ‘ਚ 4 ਕਿਲੋ ਹੈਰੋਇਨ ਛੁਪਾ ਲਿਜਾ ਰਹੇ 3 ਦੋਸ਼ੀਆਂ ਨੂੰ ਐੱਸ. ਟੀ. ਐੱਫ. ਨੇ ਦਬੋਚਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਪਾਕਿਸਤਾਨ ਤੋਂ ਮੰਗਵਾਈ ਗਈ ਅੰਤਰਰਾਸ਼ਟਰੀ ਬਾਜ਼ਾਰ ‘ਚ 20 ਕਰੋੜ ਦੀ ਕੀਮਤ ਵਾਲੀ ਇਹ ਹੈਰੋਇਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਸਪਲਾਈ ਕੀਤੀ ਜਾਣੀ ਸੀ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ. ਦੇ ਲੁਧਿਆਣਾ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਐੱਸ. ਆਈ. ਜਸਪਾਲ ਸਿੰਘ ਦੀ ਪੁਲਸ ਪਾਰਟੀ ਨੇ ਥਾਣਾ ਮੇਹਰਬਾਨ ਦੇ ਅਧੀਨ ਆਉਂਦੇ ਪਿੰਡ ਕੱਕਾ ਧੌਲਾ ਰੋਡ ‘ਤੇ ਮੰਗਲਵਾਰ ਨੂੰ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਸ਼ੱਕ ਦੇ ਆਧਾਰ ‘ਤੇ ਪਿੰਡ ਵੱਲੋਂ ਆ ਰਹੀ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਚਾਲਕ ਨੇ ਕਾਰ ਪਿੱਛੇ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਘੇਰ ਲਿਆ। ਕਾਰ ‘ਚ 3 ਲੋਕ ਸਵਾਰ ਸਨ। ਕਾਰ ਦੀ ਤਲਾਸ਼ੀ ਲੈਣ ‘ਤੇ ਉਨ੍ਹਾਂ ਕੋਲੋਂ 4 ਕਿਲੋ ਹੈਰੋਇਨ ਬਰਾਮਦ ਹੋਈ। ਹਰਬੰਸ ਸਿੰਘ ਨੇ ਦੱਸਿਆ ਕਿ ਹੈਰੋਇਨ ਦੀ ਖੇਪ ਸਮੇਤ ਫੜੇ ਗਏ ਦੋਸ਼ੀਆਂ ਦੀ ਪਛਾਣ ਦਲਜੀਤ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਪਿੰਡ ਮੇਹਰ ਸਿੰਘ ਵਾਲਾ ਥਾਣਾ ਜ਼ੀਰਾ (ਫਿਰੋਜ਼ਪੁਰ), ਗੁਰਨਾਮ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਕੱਕਾ ਕਡਿਆਣਾ (ਤਰਨਤਾਰਨ) ਅਤੇ ਸਰਵਨ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਜਸਪਤ ਰਾਏ (ਤਰਨਤਾਰਨ) ਦੇ ਰੂਪ ਵਿਚ ਹੋਈ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਤਿੰਨੇ ਦੋਸ਼ੀ ਪਿਛਲੇ ਲੰਮੇ ਸਮੇਂ ਤੋਂ ਹੈਰੋਇਨ ਸਮੱਗਲਿੰਗ ਦਾ ਕਾਰੋਬਾਰ ਕਰ ਰਹੇ ਹਨ, ਜੋ ਇਸ ਨਸ਼ੇ ਨੂੰ ਪਾਕਿਸਤਾਨ ਤੋਂ ਮੰਗਵਾ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਸਪਲਾਈ ਕਰਦੇ ਸਨ। ਜਾਂਚ ‘ਚ ਇਹ ਵੀ ਪਤਾ ਲੱਗਿਆ ਕਿ ਇਹ ਸਮੱਗਲਰ ਹੁਣ ਤੱਕ ਅਰਬਾਂ ਰੁਪਏ ਦੀ ਹੈਰੋਇਨ ਸਪਲਾਈ ਕਰ ਚੁੱਕੇ ਹਨ। ਤਿੰਨਾਂ ਖਿਲਾਫ ਥਾਣਾ ਮੇਹਰਬਾਨ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਧਰ ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਵੱਡੇ ਪੈਮਾਨੇ ‘ਤੇ ਹੈਰੋਇਨ ਦਾ ਕਾਰੋਬਾਰ ਕਰ ਰਹੇ ਹਨ। ਪੁਲਸ ਇਨ੍ਹਾਂ ਨਸ਼ਾ ਸਮੱਗਲਰਾਂ ਦੇ ਜ਼ਰੀਏ ਵੱਡੇ ਨਸ਼ਾ ਸਮੱਗਲਰ ਗਿਰੋਹ ਤੱਕ ਪਹੁੰਚ ਸਕੇਗੀ, ਜਿਸ ਦਾ ਖੁਲਾਸਾ ਅਗਾਮੀ ਦਿਨਾਂ ‘ਚ ਕੀਤਾ ਜਾਵੇਗਾ।

Be the first to comment

Leave a Reply