ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਦੋਸ਼ੀ ਠਹਿਰਾਉਂਦੇ ਹੋਏ ਅਹੁਦੇ ਤੋਂ ਕੀਤਾ ਬਰਖਾਸਤ

ਤਰਨਤਾਰਨ/ਇਸਲਾਮਾਬਾਦ— ਪਨਾਮਾ ਗੇਟ ਮਾਮਲੇ ਵਿਚ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਦੋਸ਼ੀ ਠਹਿਰਾਉਂਦੇ ਹੋਏ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੈ। ਪਾਕਿਸਤਾਨ ਦੇ ਇਤਿਹਾਸ ਵਿਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਸਿਆਸੀ ਕਾਰਵਾਈ ਹੈ, ਜਦੋਂ ਕਿਸੇ ਮੌਜੂਦਾ ਪ੍ਰਧਾਨ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਅਹੁਦੇ ਤੋਂ ਹਟਾਇਆ ਗਿਆ ਹੋਵੇ। ਇਹ ਪਾਕਿਸਤਾਨ ਦੇ ਇਤਿਹਾਸ ਦਾ ‘ਕਾਲਾ ਦਿਨ’ ਹੈ। ਉੱਥੇ ਇਸ ਕਾਲੇ ਦਿਨ ਦੀ ਪਰਛਾਈ ਪੰਜਾਬ ਦੇ ਤਰਨਤਾਰਨ ਵਿਖੇ ਵੀ ਦੇਖਣ ਨੂੰ ਮਿਲੀ। ਦੱਸ ਦੇਈਏ ਕਿ ਨਵਾਜ਼ ਸ਼ਰੀਫ ਤਰਨਤਾਰਨ ਦੇ ਪਿੰਡ ਜਾਤੀ ਉਮਰਾ ਦਾ ਪੋਤਾ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਨਵਾਜ਼ ਉਨ੍ਹਾਂ ਲਈ ਫਰਿਸ਼ਤਾ ਹੈ ਅਤੇ ਜੋ ਇਲਜ਼ਾਮ ਉਸ ‘ਤੇ ਲਗਾਏ ਗਏ ਹਨ, ਉਨ੍ਹਾਂ ਪਿੱਛੇ ਕਿਸੇ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਲਹਿੰਦੇ ਪੰਜਾਬ ਦਾ ਮੁੱਖ ਮੰਤਰੀ ਅਤੇ ਨਵਾਜ਼ ਦਾ ਭਰਾ ਜਦੋਂ ਪਿਛਲੀ ਵਾਰ ਪੰਜਾਬ ਆਇਆ ਸੀ ਤਾਂ ਉਸ ਸਮੇਂ ਪੰਜਾਬ ਸਰਕਾਰ ਨੇ ਵੱਡੀ ਗ੍ਰਾਂਟ ਦੇ ਕੇ ਪਿੰਡ ਦੀ ਨੁਹਾਰ ਬਦਲ ਦਿੱਤੀ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਨਵਾਜ਼ ਨੂੰ ਕਦੇ ਨਹੀਂ ਭੁੱਲ ਸਕਦੇ।
ਨਵਾਜ਼ ਸ਼ਰੀਫ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫੇ ਦੇ ਖ਼ਬਰ ਜਦੋਂ ਭਾਰਤੀ ਪੰਜਾਬ ਵਿਚ ਪਹੁੰਚੀ ਤਾਂ ਇੱਥੋਂ ਦੇ ਬਜ਼ੁਰਗ ਅਤੇ ਲੋਕ ਦੁੱਖ ਵਿਚ ਡੁੱਬ ਗਏ। ਉਨ੍ਹਾਂ ਕਿਹਾ ਕਿ ਉਹ ਉਸ ਦੇ ਪੁਰਾਣੇ ਘਰ, ਜਿੱਥੇ ਹੁਣ ਗੁਰਦੁਆਰਾ ਸਾਹਿਬ ਹੈ, ਵਿਖੇ ਅਖੰਡ ਪਾਠ ਕਰਵਾਉਣਗੇ। ਪਿੰਡ ਵਾਸੀਆਂ ਨੂੰ ਉਮੀਦ ਹੈ ਨਵਾਜ਼ ਦੁਬਾਰਾ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣ ਕੇ ਆਪਣੀ ਖੋਹੀ ਹੋਈ ਸਾਖ ਨੂੰ ਵਾਪਸ ਲੈ ਕੇ ਆਵੇਗਾ।

Be the first to comment

Leave a Reply