ਪਾਕਿਸਤਾਨ ਦੇ ਸਿੱਖਾਂ ਵਲੋਂ ਸਰਬੱਤ ਦੇ ਭਲੇ ਦੇ ਨਾਮ ‘ਤੇ ਹਸਪਤਾਲ ਦਾ ਨੀਂਹ ਰੱਖਿਆ

ਨਿਊਯਾਰਕ — ਪਾਕਿਸਤਾਨ ਦੇ ਸਿੱਖਾਂ ਵਲੋਂ ਲੋੜਵੰਦਾਂ ਅਤੇ ਗਰੀਬਾਂ ਨੂੰ ਮੁਫਤ ਇਲਾਜ ਲਈ ਸਰਬੱਤ ਦੇ ਭਲੇ ਦੇ ਨਾਮ ‘ਤੇ ਹਸਪਤਾਲ ਦਾ ਨੀਂਹ ਪੱਥਰ ਜ਼ਿਲਾ ਖੈਰ, ਸਿੰਧ ਪਾਕਿਸਤਾਨ ਵਿਖੇ ਰੱਖਿਆ ਗਿਆ ਹੈ। ਪਾਕਿਸਤਾਨ ਦੇ ਗੁਰਸਿੱਖ ਭਾਈ ਨਾਨਕ ਸਿੰਘ ਇਸ ਹਸਪਤਾਲ ਦੀ ਸੇਵਾ ਕਰਵਾ ਰਹੇ ਹਨ, ਜਿਨ੍ਹਾਂ ਨੇ ਆਪਣੇ ਪਿਤਾ ਜੀ ਦੀ ਆਸ ਨੂੰ ਪੂਰਨ ਕਰਨ ਸੰਬੰਧੀ ਇਸ ਕਾਰਜ ਨੂੰ ਆਰੰਭਿਆ ਹੈ। ਇਸ ਹਸਪਤਾਲ ਦਾ ਨੀਂਹ ਪੱਥਰ ਸਈਦ ਵਕਾਰ ਹੁਸੈਨ ਸ਼ਾਹ ਗੱਦੀ ਨਸ਼ੀਨ ਬਿਟ ਸ਼ਾਹ ਨੇ ਰੱਖਿਆ। ਉਨ੍ਹਾਂ ਦੇ ਨਾਲ ‘ਪਾਕਿਸਤਾਨ ਸਿੱਖ ਕੌਂਸਲ’ ਦੇ ਚੀਫ ਪੈਟਰਨ ਰਮੇਸ਼ ਸਿੰਘ ਖਾਲਸਾ ਵੀ ਸਨ। ਸਈਦ ਵਕਾਰ ਹੁਸੈਨ ਨੇ ਕਿਹਾ ਕਿ ਇਹ ਉਪਰਾਲਾ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੈ, ਜਿਸ ਵਿੱਚ ਹਿੰਦੂਆਂ, ਸਿੱਖਾਂ, ਮੁਸਲਮਾਨਾਂ ਅਤੇ ਈਸਾਈਆ ਨੇ ਹਿੱਸਾ ਲਿਆ ਹੈ। ਇਹ ਹਸਪਤਾਲ ਆਪਸੀ ਭਾਈਚਾਰੇ ਅਤੇ ਇੰਟਰਫੇਥ ਦੀ ਗੱਲ ਨੂੰ ਮਜ਼ਬੂਤ ਕਰੇਗਾ। ਰਮੇਸ਼ ਸਿੰਘ ਖਾਲਸਾ ‘ਚੀਫ ਪੈਟਰਨ ਪਾਕਿਸਤਾਨ ਸਿੱਖ ਕੌਂਸਲ’ ਨੇ ਆਈਆਂ ਸੰਗਤਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਜਿਵੇਂ ਸਾਈਂ ਮੀਆਂ ਮੀਰ ਜੀ ਵਲੋਂ ਸ੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ, ਉਸੇ ਤਰ੍ਹਾਂ ਸਿੱਖਾਂ ਵਲੋਂ ਬਿਟ ਸ਼ਾਹ ਦੇ ਗੱਦੀ ਨਸ਼ੀਨ ਸਈਦ ਵਕਾਰ ਸ਼ਾਹ ਤੋਂ ਨੀਂਹ ਪੱਥਰ ਰਖਵਾ ਕੇ ਸਾਂਝੀਵਾਲਤਾ ਦਾ ਸੰਦੇਸ਼ ਉਜਾਗਰ ਕੀਤਾ ਹੈ। ਉਨ੍ਹਾਂ ਕਿਹਾ ਜਿੱਥੇ ਸਭ ਧਰਮਾਂ ਦੇ ਲੋਕ ਇਸ ਹਸਪਤਾਲ ਦਾ ਲਾਹਾ ਲੈਣਗੇ, ਉੱਥੇ ਆਪਸੀ ਭਾਈਚਾਰਕ ਦੀ ਮਜ਼ਬੂਤੀ ਦਾ ਪੈਗਾਮ ਵੀ ਘਰ-ਘਰ ਜਾਵੇਗਾ। ਉਨ੍ਹਾਂ ਕਿਹਾ ਕਿ ਭਾਈ ਨਾਨਕ ਚੰਗੇ ਸੇਵਾਦਾਰ ਹਨ, ਜੋ ਵਿਸਾਖੀ ਮੌਕੇ ਸੱਚਾ ਸੌਦਾ ਗੁਰੂਘਰ ‘ਚ ਹਜ਼ਾਰਾਂ ਸੰਗਤਾਂ ਨੂੰ ਲੰਗਰ ਦੀ ਸੇਵਾ ਨਾਲ ਨਿਹਾਲ ਕਰਦੇ ਹਨ। ਉਨ੍ਹਾਂ ਵਲੋਂ ਕਰਵਾਈ ਜਾ ਰਹੀ ਇਸ ਸਰਬੱਤ ਦੇ ਭਲੇ ਹਸਪਤਾਲ ਦੀ ਸੇਵਾ ਜਿੱਥੇ ਮੀਲ ਪੱਥਰ ਸਾਬਤ ਹੋਵੇਗੀ, ਉੱਥੇ ਗਰੀਬਾਂ ਅਤੇ ਲੋੜਵੰਦਾਂ ਲਈ ਸਿਹਤ ਸੇਵਾਵਾਂ ਦਾ ਕੇਂਦਰ ਸਾਬਤ ਹੋਵੇਗਾ। ਇਸ ਮੌਕੇ ਪਾਕਿਸਤਾਨ ਦੇ ਨਾਮਵਰ ਸਿੱਖ ਜਿਨ੍ਹਾਂ ਵਿੱਚ ਗਿਆਨ ਸਿੰਘ, ਰਾਮ ਸਿੰਘ ਮੈਂਬਰ ਪਾਕਿਸਤਾਨ ਸਿੱਖ ਕੌਂਸਲ, ਭਾਈ ਨਾਨਕ ਸਿੰਘ ਕੀਰਤਨੀਆ ਅਤੇ ਇੰਟਰਫੇਥ ਜਥੇਬੰਦੀਆਂ ਤੋਂ ਇਲਾਵਾ ਉੱਘੀਆਂ ਸਖਸ਼ੀਅਤਾਂ ਨੇ ਹਿੱਸਾ ਲਿਆ ਅਤੇ ਸਰਬੱਤ ਦਾ ਭਲਾ ਹਸਪਤਾਲ ਨੂੰ ਜਲਦੀ ਨੇਪਰੇ ਚਾੜ੍ਹ ਕੇ ਸੰਗਤਾਂ ਦੇ ਸਪੁਰਦ ਕਰਨ ਦਾ ਵਚਨ ਦੁਹਰਾਇਆ। ਇਹ ਹਸਪਤਾਲ ਸਭ ਧਰਮਾਂ ਲਈ ਸਿਹਤ ਸੇਵਾਵਾਂ ਮੁਹੱਈਆ ਕਰੇਗਾ ਅਤੇ ਇਕਜੁੱਟ ਹੋ ਕੇ ਵਿਚਰਨ ਨੂੰ ਤਰਜੀਹ ਦੇਵੇਗਾ।

Be the first to comment

Leave a Reply