ਪਾਕਿਸਤਾਨ ਨੂੰ ਦਿਤੀ ਜਾਣ ਵਾਲੀ ਆਰਥਿਕ ਸਹਾਇਤਾ ਬਾਰੇ ਹੋ ਰਹੀ ਹੈ ਸਮੀਖਿਆ – ਮਾਈਕ ਪੈਂਪੀਉ

ਵਾਸ਼ਿੰਗਟਨ – ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੈਂਪੀਉ ਨੇ ਪਾਕਿਸਤਾਨ ‘ਤੇ ਅਮਰੀਕੀ ਰਾਜਦੂਤਾਂ ਨਾਲ ਦੁਰ ਵਿਵਹਾਰ ਕਰਨ ਦਾ ਦੋਸ਼ ਲਾਉਦਿਆਂ ਕਿਹਾ ਹੈ ਕਿ ਅਮਰੀਕਾ ਵਲੋਂ ਪਾਕਿਸਤਾਨ ਨੂੰ ਦਿਤੀ ਜਾਣ ਵਾਲੀ ਆਰਥਿਕ ਸਹਾਇਤਾ ਬਾਰੇ ਸਮੀਖਿਆ ਹੋ ਰਹੀ ਹੈ। ਉਹ ਸੰਸਦ ਮੈਂਬਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਵਿਦੇਸ਼ ਮੰਤਰੀ ਨੇ ਸੰਸਦ ਮੈਂਬਰ ਡਾਨਾ ਰੋਹਰਾਬਾਰੋਚ ਦੇ ਸਵਾਲ ਦੇ ਉਸ ਜਵਾਬ ਵਿਚ ਕਿਹਾ ਕਿ ਅਮਰੀਕਾ ਨੂੰ ਉਨੀ ਦੇਰ ਤਕ ਪਾਕਿਸਤਾਨ ਨੂੰ ਦਿਤੀ ਜਾਣ ਵਾਲੀ ਆਰਥਿਕ ਸਹਾਇਤਾ ਰੋਕ ਦੇਣੀ ਚਾਹੀਦੀ ਹੈ ਜਿੰਨੀ ਦੇਰ ਉਹ ਡਾ. ਸ਼ਕੀਲ ਅਫਰੀਦੀ ਨੂੰ ਰਿਹਾਅ ਨਹੀਂ ਕਰ ਦਿੰਦਾ। ਦਸ ਦਈਏ ਕਿ ਡਾ. ਸ਼ਕੀਲ ਉਹ ਹੈ ਜਿਸ ਨੇ ਉਸਾਮਾ ਬਿਨ ਲਾਦੇਨ ਦੀ ਪਾਕਿਸਤਾਨ ‘ਚ ਲੁਕੇ ਹੋਣ ਦੀ ਖ਼ਬਰ ਦਿਤੀ ਸੀ ਤੇ ਪਾਕਿਸਤਾਨ ਨੇ ਉਸ ਨੂੰ ਕੈਦ ਕਰ ਰਖਿਆ ਹੈ। ਵਿਦੇਸ਼ ਮੰਤਰੀ ਨੇ ਹਾਊਸ ਫ਼ਾਰਨ ਅਫ਼ੇਰਜ਼ ਕਮੇਟੀ ਨੂੰ ਦਸਿਆ ਕਿ 2018 ਵਿਚ ਪਾਕਿਸਤਾਨ ਨੂੰ ਦਿਤੀ ਜਾਣ ਵਾਲੀ ਆਰਥਿਕ ਸਹਾਇਤਾ ਵਜੋਂ ਰਾਸ਼ੀ ਵਿਚ ਕਟੌਤੀ ਕੀਤੀ ਗਈ ਸੀ ਤੇ ਇਹ ਕਟੌਤੀ ਤਾਂ ਜਾਰੀ ਰਹੇਗੀ ਅਤੇ ਇਸ ਬਾਰੇ ਵੀ ਸਮੀਖਿਆ ਕੀਤੀ ਜਾ ਰਹੀ ਹੈ ਕਿ ਇਹ ਸਹਾਇਤਾ ਜਾਰੀ ਰੱਖੀ ਜਾਵੇ ਜਾਂ ਨਹੀਂ। ਡਾਨਾ ਨੇ ਸਵਾਲ ਉਠਾਇਆ ਸੀ ਕਿ ਜੇਕਰ ਅਮਰੀਕਾ ਦੇ ਕਹਿਣ ਤੋਂ ਬਾਅਦ ਵੀ ਪਾਕਿਸਤਾਨ ਡਾ. ਸ਼ਕੀਲ ਨੂੰ ਅਪਣੀ ਕੈਦ ‘ਚ ਰਖਦਾ ਹੈ ਤਾਂ ਉਸ ਨੂੰ ਆਰਥਿਕ ਸਹਾਇਤਾ ਜਾਰੀ ਰੱਖਣ ਦੀ ਕੋਈ ਤੁੱਕ ਨਹੀਂ ਬਣਦੀ। ਪੈਂਪੀਉ ਨੇ ਕਿਹਾ ਕਿ ਪਾਕਿਸਤਾਨ ਦੇ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ ਤੇ ਅਮਰੀਕਾ ਨੇ ਪਾਕਿਸਤਾਨ ਨੂੰ ਮਦਦ ਦੇਣੀ ਇਸ ਲਈ ਸ਼ੁਰੂ ਕੀਤੀ ਸੀ ਤਾਕਿ ਉਹ ਅਤਿਵਾਦ ਨਾਲ ਨਿਪਟ ਸਕੇ ਪਰ ਪਾਕਿਸਤਾਨੀ ਹੁਕਮਰਾਨਾਂ ਨੇ ਉਲਟਾ ਅਤਿਵਾਦ ਦੀ ਪਿੱਠ ਥਾਪੜੀ ਹੈ ਤੇ ਅਮਰੀਕਾ ਨੂੰ ਅਪਣੇ ਰਾਜਦੂਤਾਂ ਨਾਲ ਹੋਏ ਵਿਵਹਾਰ ਨੂੰ ਵੀ ਧਿਆਨ ‘ਚ ਰਖਣਾ ਚਾਹੀਦਾ ਹੈ।