ਪਾਕਿ ਨੇ ਅਮਰੀਕੀ ਡਿਪਲੋਮੈਟ ਦੇ ਦੇਸ਼ ਛੱਡਣ ‘ਤੇ ਲਗਾਈ ਪਾਬੰਦੀ

ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਰੈੱਡ ਲਾਈਟ ‘ਤੇ ਇਕ ਬਾਈਕ ਸਵਾਰ ਨੂੰ ਕੁਚਲਣ ਅਤੇ ਇਕ ਹੋਰ ਨੂੰ ਜ਼ਖਮੀ ਕਰਨ ਦੇ ਦੋਸ਼ੀ ਅਮਰੀਕੀ ਡਿਪਲੋਮੈਟ ਡਿਫੈਂਸ ਅਤਾਸ਼ੇ ਕਰਨਲ ਜੋਸੇਫ ਇਮੇਨੁਅਲ ਹਾਲ ਦੇ ਦੇਸ਼ ਛੱਡਣ ‘ਤੇ ਪਾਬੰਦੀ ਲੱਗਾ ਦਿੱਤੀ ਗਈ ਹੈ। 7 ਅਪ੍ਰੈਲ ਨੂੰ ਹੋਏ ਇਸ ਹਾਦਸੇ ਵਿਚ ਮਰਨ ਵਾਲੇ 22 ਸਾਲਾ ਨੌਜਵਾਨ ਅਤੀਕ ਬੇਗ ਦੇ ਪਿਤਾ ਨੇ ਅਮਰੀਕੀ ਨਾਗਰਿਕ ਅਤਾਸ਼ੇ ਨੂੰ ਗ੍ਰਿਫਤਾਰ ਕਰਨ ਅਤੇ ਸਖਤ ਸਜ਼ਾ ਦੇਣ ਦੀ ਅਪੀਲ ਕੀਤੀ ਹੈ। ਉੱਧਰ ਇਸ ਮਾਮਲੇ ਵਿਚ ਅਮਰੀਕੀ ਦੂਤਘਰ ਦਾ ਕਹਿਣਾ ਹੈ ਕਿ ਡਿਪਲੋਮੈਟ ਸੁਰੱਖਿਆ ਪ੍ਰਾਪਤ ਹੋਣ ਕਾਰਨ ਨਾ ਤਾਂ ਡਿਪਲੋਮੈਟ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ  ਅਤੇ ਨਾ ਹੀ ਉਸ ‘ਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ।
ਮੀਡੀਆ ਵਿਚ ਇਸ ਤਰ੍ਹਾਂ ਦੀਆਂ ਰਿਪੋਰਟਾਂ ਵੀ ਸਨ ਕਿ ਹਾਦਸੇ ਦੌਰਾਨ ਅਤਾਸ਼ੇ ਨੇ ਸ਼ਰਾਬ ਪੀਤੀ ਹੋਈ ਸੀ ਪਰ ਅਮਰੀਕੀ ਦੂਤਘਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ। ਅਤਾਸ਼ੇ ਹਾਲੇ ਦੂਤਘਰ ਵਿਚ ਹੀ ਹਨ ਅਤੇ ਉਸ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਪਾਕਿਸਤਾਨ ਦੇ ਡਿਪਟੀ ਅਟਾਰਨੀ ਜਨਰਲ ਰਾਜਾ ਖਾਲਿਦ ਮਹਿਬੂਦ ਨੇ ਵੀਰਵਾਰ ਨੂੰ ਅਦਾਲਤ ਸਾਹਮਣੇ ਕਿਹਾ ਕਿ ਡਿਪਲੋਮੈਟ ਸੁਰੱਖਿਆ ਪ੍ਰਾਪਤ ਹੋਣ ਕਾਰਨ ਅਤਾਸ਼ੇ ਨੂੰ ਨਾ ਤਾਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਮੁਕੱਦਮਾ ਚਲਾਇਆ ਜਾ ਸਕਦਾ ਹੈ ਪਰ ਇਸ ਮਾਮਲੇ ਵਿਚ ਉਸ ਦੇ ਦੇਸ਼ ਦੇ ਬਾਹਰ ਜਾਣ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ।