ਪਾਰਟੀਆਂ ਦੇ ਝੰਡੇ ਅਤੇ ਪੱਗਾਂ ਦੇ ਰੰਗ ਬਦਲੇ ਹਨ ਬਾਕੀ ਸਭ ਕੁਝ ਪਿਛਲੀ ਸਰਕਾਰ ਵਾਂਗ ਹੋ ਰਿਹਾ: ਭਗਵੰਤ ਮਾਨ

ਸ਼ੇਰਪੁਰ  : ਪਿੰਡ ਕਾਤਰੋਂ ਵਿਖੇ ਪਾਰਟੀ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਪੰਨੂੰ ਕਾਤਰੋਂ ਦੇ ਘਰ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਚਾਰ ਮਹੀਨਿਆਂ ਦੇ ਕਾਂਗਰਸ ਦੇ ਰਾਜ ਵਿਚ ਕਿਸਾਨਾਂ, ਮਜ਼ਦੂਰਾਂ, ਟਰੱਕ ਡਰਾਈਵਰਾਂ, ਵਪਾਰੀਆਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਅੰਕੜਾ 150 ਤੋਂ ਟੱਪ ਗਿਆ ਹੈ, ਜਦਕਿ ਕੈਪਟਨ ਸਰਕਾਰ ਨੇ ਇਨ੍ਹਾਂ ਪਰਿਵਾਰਾਂ ਦੀ ਕੋਈ ਸਾਰ ਨਹੀਂ ਲਈ। ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ। ਅੱਜ ਕੋਈ ਵੀ ਅਖਬਾਰ ਚੁੱਕੋ ਕਿਸਾਨ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਖਬਰ ਆਮ ਗੱਲ ਹੋ ਗਈ ਹੈ।
ਕਾਂਗਰਸ ਦੀ ਕਰਜ਼ਾ ਮੁਆਫੀ ਵਾਲਾ ਬਿਆਨ ਅੱਜ ਤੱਕ ਵੀ ਕਿਸਾਨਾਂ ਦੇ ਸਮਝ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸੂਬੇ ਦੇ ਲੋਕਾਂ ਦੀਆਂ ਉਨ੍ਹਾਂ ਸਾਰੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਜਿਨ੍ਹਾਂ ਨਾਲ ਸੂਬੇ ਦੇ ਲੋਕਾਂ ਨੇ ਕਾਂਗਰਸ ਨੂੰ ਵੋਟਾਂ ਦਿੱਤੀਆਂ ਸਨ। ਕਾਂਗਰਸ ਨੇ ਚੋਣਾਂ ਤੋਂ ਪਹਿਲਾ ਸੂਬੇ ਦੇ ਲੋਕਾਂ ਨੂੰ ਹਰ ਘਰ ਵਿਚ ਨੌਕਰੀ, ਕਰਜ਼ਾ ਮੁਆਫੀ, 5100 ਹਜ਼ਾਰ ਸ਼ਗਨ ਸਕੀਮ, ਸਮਾਰਟ ਫੋਨ ਵਰਗੇ ਵਾਅਦੇ ਕਰਕੇ ਲੋਕਾਂ ਨਾਲ ਧੋਖਾ ਕੀਤਾ ਹੈ। ਅਕਾਲੀ ਦਲ ਦੀਆਂ ਪੰਜਾਬ ਵਿਚ ਜ਼ਬਰ ਵਿਰੋਧੀ ਰੈਲੀਆਂ ‘ਤੇ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਆਪਣੇ ਦਸ ਸਾਲਾਂ ਦੇ ਰਾਜ ਵਿਚ ਲੋਕਾ ‘ਤੇ ਹੋਏ ਜਜ਼ਰ-ਜੁਲਮ ਕਦੇ ਵੀ ਦਿਖਾਈ ਨਹੀਂ ਦਿੱਤੇ। ਨੌਕਰੀਆਂ ਲਈ ਨੌਜਵਾਨਾ ਨੂੰ ਅੱਗ ਲਾਕੇ ਖੁਦਕੁਸ਼ੀਆਂ ਕਰਨੀਆਂ ਪਈਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਹੱਕ ਮੰਗਦੇ ਲੋਕਾਂ ਨੂੰ ਡਾਂਗਾਂ ਨਾਲ ਕੁੱਟਿਆ ਗਿਆ, ਹਰ ਕਾਰੋਬਾਰ ਤੇ ਗੁੰਡਾਗਰਦੀ ਕੀਤੀ ਗਈ ਆਦਿ ਘਟਨਾਵਾਂ ਵੀ ਅਕਾਲੀ ਸਰਕਾਰ ਸਮੇਂ ਵਾਪਰੀਆਂ।
ਭਗਵੰਤ ਮਾਨ ਨੇ ਦੱਸਿਆ ਕਿ ਇਕ ਪਾਸੇ ਤਾਂ ਅਧਿਆਪਕਾ ਦੀਆਂ ਪੰਜਾਬ ਦੇ ਸਕੂਲਾਂ ਵਿਚ 14 ਹਜ਼ਾਰ ਅਸਾਮੀਆਂ ਖਾਲੀ ਪਈਆਂ ਹਨ, ਦੂਜੇ ਪਾਸੇ ਟੈੱਟ ਪਾਸ ਅਧਿਆਪਕ ਨੌਕਰੀ ਦੀ ਪ੍ਰਾਪਤੀ ਲਈ ਪਾਣੀ ਵਾਲੀਆਂ ਟੈਕੀਆਂ ‘ਤੇ ਬੈਠੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰਾਜ ਨਹੀਂ ਬਦਲਿਆਂ ਸਗੋਂ ਪਾਰਟੀਆਂ ਦੇ ਝੰਡੇ ਅਤੇ ਪੱਗਾਂ ਦੇ ਰੰਗ ਬਦਲੇ ਹਨ ਬਾਕੀ ਸਭ ਕੁਝ ਪਿਛਲੀ ਸਰਕਾਰ ਵਾਂਗ ਹੋ ਰਿਹਾ ਹੈ।

Be the first to comment

Leave a Reply