ਪਾਵਰਕਾਮ ਚੀਫ ਬਾਰਡਰ ਜ਼ੋਨ ਅੰਮ੍ਰਿਤਸਰ ਦੇ ਦਫਤਰ ਅੱਗੇ ਕੀਤੀ ਨਾਅਰੇਬਾਜ਼ੀ

ਅੰਮ੍ਰਿਤਸਰ  :-  ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਵੱਲੋਂ ਅੱਜ ਬਿਜਲੀ ਸਬੰਧੀ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ ਪਾਵਰਕਾਮ ਚੀਫ ਬਾਰਡਰ ਜ਼ੋਨ ਅੰਮ੍ਰਿਤਸਰ ਦੇ ਦਫਤਰ ਅੱਗੇ ਰੋਹ ਭਰਪੂਰ ਵਿਸ਼ਾਲ ਧਰਨਾ ਦਿੱਤਾ ਗਿਆ ਤੇ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪਾਵਰਕਾਮ ਦੇ ਅਧਿਕਾਰੀਆਂ ਤੇ ਜ਼ਿਲਾ ਪ੍ਰਸ਼ਾਸਨ ਦੇ ਰਵੱਈਏ ਨੂੰ ਦੇਖਦਿਆਂ ਜਥੇਬੰਦੀ ਨੇ 3 ਵਜੇ ਦਾ ਅਲਟੀਮੇਟ ਦਿੱਤਾ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਤਾਂ ਅੰਮ੍ਰਿਤਸਰ-ਦਿੱਲੀ ਨੈਸ਼ਨਲ ਰੇਲ ਮਾਰਗ ਮਜਬੂਰੀਵੱਸ ਪੂਰੀ ਤਰ੍ਹਾਂ ਜਾਮ ਕੀਤਾ ਜਾਵੇਗਾ ਤੇ ਜੋ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸੁਵਿੰਦਰ ਸਿੰਘ ਚੁਤਾਲਾ ਤੇ ਸੀਨੀ. ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਦੀ ਜਨਤਾ ਦੇ ਪੈਸੇ ਅਤੇ ਪੰਚਾਇਤਾਂ ਵੱਲੋਂ ਹਜ਼ਾਰਾਂ ਕਰੋੜ ਰੁਪਏ ਦੀਆਂ ਦਿੱਤੀਆਂ ਮੁਫਤ ਜ਼ਮੀਨਾਂ ‘ਤੇ ਉਸਰਿਆ ਬਿਜਲੀ ਬੋਰਡ 2003 ਐਕਟ ਰਾਹੀਂ ਪੰਜਾਬ ਸਰਕਾਰ ਵੱਲੋਂ ਭੰਗ ਕਰ ਕੇ ਨਿਗਮਾਂ ਵਿਚ ਵੰਡਣ ਨਾਲ ਪੰਜਾਬ ਦੇ ਖਪਤਕਾਰਾਂ ਦਾ ਕਚੂੰਮਰ ਨਿਕਲ ਚੁੱਕਾ ਹੈ ਤੇ ਠੇਕੇਦਾਰੀ ਸਿਸਟਮ ਰਾਹੀਂ ਬਿਜਲੀ ਵਿਭਾਗ ਨੂੰ ਨਿੱਜੀ ਵਪਾਰੀਆਂ ਦੇ ਹਵਾਲੇ ਕਰਨ ਦੀ ਤਿਆਰੀ ਜ਼ੋਰਾਂ ਨਾਲ ਚੱਲ ਰਹੀ ਹੈ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਬਿਜਲੀ ਸਬੰਧੀ ਮੁਸ਼ਕਿਲਾਂ ਨੂੰ ਲੈ ਕੇ 8 ਜੂਨ ਨੂੰ ਪਾਵਰਕਾਮ ਦੇ ਐੱਮ. ਡੀ. ਵੇਣੂ ਪ੍ਰਸਾਦ ਨਾਲ ਪਟਿਆਲਾ ਵਿਖੇ ਕਿਸਾਨ ਆਗੂਆਂ ਦੀ ਮੀਟਿੰਗ ਵਿਚ ਕੁਝ ਮੰਗਾਂ ਮੰਨ ਲਈਆਂ ਗਈਆਂ ਸਨ ਪਰ ਅੱਜ ਤੱਕ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ, ਜਿਸ ਤੋਂ ਪਾਵਰਕਾਮ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੁੰਦਾ ਹੈ।
ਇਸ ਮੌਕੇ ਕਿਸਾਨ ਆਗੂ ਜਸਬੀਰ ਸਿੰਘ ਪਿੱਦੀ, ਸੁਖਵਿੰਦਰ ਸਿੰਘ ਸਭਰਾਂ ਤੇ ਗੁਰਲਾਲ ਸਿੰਘ ਪੰਡੋਰੀ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ੋਰਦਾਰ ਮੰਗ ਕੀਤੀ ਕਿ ਮੰਨੀ ਹੋਈ ਮੰਗ ਮੁਤਾਬਿਕ ਚੇਅਰਮੈਨ ਅਤੇ ਫੌਜੀ ਕੋਟੇ ਸਮੇਤ ਕੁਨੈਕਸ਼ਨਾਂ ਤੋਂ ਵਾਂਝੇ ਕਿਸਾਨਾਂ ਨੂੰ ਤੁਰੰਤ ਐਸਟੀਮੇਟ ਬਣਾ ਕੇ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣ ਅਤੇ ਜਿਨ੍ਹਾਂ ਦੇ ਪੈਸੇ ਜਮ੍ਹਾ ਹੋ ਚੁੱਕੇ ਹਨ, ਉਨ੍ਹਾਂ ਨੂੰ ਤੁਰੰਤ ਸਾਰਾ ਸਾਮਾਨ ਦਿੱਤਾ ਜਾਵੇ। ਮੰਨੀ ਹੋਈ ਮੰਗ ਮੁਤਾਬਿਕ ਰਹਿੰਦੇ ਡੇਰੇ-ਢਾਣੀਆਂ ਦੇ ਐਸਟੀਮੇਟ ਬਣਾ ਕੇ 24 ਘੰਟੇ ਅਰਬਨ ਸਪਲਾਈ ਨਾਲ ਜੋੜਿਆ ਜਾਵੇ ਅਤੇ ਜਿਨ੍ਹਾਂ ਕਿਸਾਨਾਂ ਦੇ ਸਿਰਫ ਟਰਾਂਸਫਾਰਮ ਰਹਿੰਦੇ ਹਨ, ਉਨ੍ਹਾਂ ਨੂੰ ਤੁਰੰਤ ਦਿੱਤੇ ਜਾਣ, ਘਰੇਲੂ ਬਿਜਲੀ ਸਪਲਾਈ 1 ਰੁਪਏ ਪ੍ਰਤੀ ਯੂਨਿਟ ਦਿੱਤੀ ਜਾਵੇ ਅਤੇ ਘਰੇਲੂ ਬਿਜਲੀ ਘਰਾਂ ਵਿਚ ਰੈਗੂਲੇਟਰੀ ਕਮਿਸ਼ਨ ਵੱਲੋਂ ਕੀਤੇ ਜਾਣ ਵਾਲੇ ਵਾਧੇ ਦੀ ਤਜਵੀਜ਼ ਰੱਦ ਕੀਤੀ ਜਾਵੇ ਕਿਉਂਕਿ ਪਾਵਰਕਾਮ ਨੂੰ ਮਹਿੰਦਰਾ ਐਂਡ ਮਹਿੰਦਰਾ ਅਤੇ ਰਿਲਾਇੰਸ ਕੰਪਨੀਆਂ ਵੱਲੋਂ 1.5 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾ ਰਹੀ ਹੈ। 2003 ਐਕਟ ਰਾਹੀਂ ਲੱਖਾਂ ਖਪਤਕਾਰਾਂ ਨੂੰ ਪਾਏ ਕਰੋੜਾਂ ਰੁਪਏ ਦੇ ਜੁਰਮਾਨੇ ਤੇ ਕੀਤੇ ਪਰਚੇ ਰੱਦ ਕੀਤੇ ਜਾਣ। ਪਾਵਰਕਾਮ ਵਿਚ ਵਿਆਪਕ ਪੱਧਰ ‘ਤੇ ਫੈਲਿਆ ਭ੍ਰਿਸ਼ਟਾਚਾਰ ਬੰਦ ਕੀਤਾ ਜਾਵੇ। ਖਪਤਕਾਰਾਂ ਨੂੰ ਸ਼ਿਕਾਇਤ ਕਰਨ ਲਈ ਟੋਲ ਫ੍ਰੀ ਨੰਬਰ ਜਾਰੀ ਕੀਤਾ ਜਾਵੇ। ਕਾਨੂੰਨ ਮੁਤਾਬਿਕ ਸੜੇ ਟਰਾਂਸਫਾਰਮਰ 24 ਘੰਟਿਆਂ ਵਿਚ ਬਦਲੇ ਜਾਣ ਤੇ ਹਰ ਦਫਤਰ ਵਿਚ ਗੱਡੀਆਂ ਉਪਲਬਧ ਕਰਵਾਈਆਂ ਜਾਣ।
ਇਸ ਮੌਕੇ ਹਰਪ੍ਰੀਤ ਸਿੰਘ, ਗੁਰਬਚਨ ਸਿੰਘ ਚੱਬਾ, ਰਣਬੀਰ ਸਿੰਘ ਗੁਰਦਾਸਪੁਰ, ਸਵਿੰਦਰ ਸਿੰਘ, ਹੁਸ਼ਿਆਰਪੁਰ, ਗੁਰਪ੍ਰੀਤ ਸਿੰਘ ਕਪੂਰਥਲਾ, ਸੁਖਦੇਵ ਸਿੰਘ ਫਿਰੋਜ਼ਪੁਰ, ਸਲਵਿੰਦਰ ਸਿੰਘ ਫਿਰੋਜ਼ਪੁਰ, ਸਲਵਿੰਦਰ ਸਿੰਘ, ਸਤਨਾਮ ਸਿੰਘ, ਬੀਬੀ ਰਣਜੀਤ ਕੌਰ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ ਵਰਿਆਮ, ਬਾਜ ਸਿੰਘ ਸਾਰੰਗੜਾ, ਸਤਨਾਮ ਸਿੰਘ ਸਠਿਆਲਾ, ਜਰਮਨਜੀਤ ਸਿੰਘ ਬੰਡਾਲਾ, ਜਵਾਹਰ ਸਿੰਘ ਟਾਂਡਾ, ਲਖਵਿੰਦਰ ਸਿੰਘ ਪਲਾਸੌਰ, ਸੁੱਖਾ ਸਿੰਘ ਠੱਠਾ, ਧੰਨਾ ਸਿੰਘ ਲਾਲੂ ਘੁੰਮਣ, ਚਰਨ ਸਿੰਘ ਬੈਂਕਾ, ਗੁਰਜੀਤ ਸਿੰਘ ਗੰਡੀਵਿੰਡ, ਮੇਹਰ ਸਿੰਘ ਤਲਵੰਡੀ ਆਦਿ ਨੇ ਵੀ ਸੰਬੋਧਨ ਕੀਤਾ।

Be the first to comment

Leave a Reply