ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸੂਬਾ ਕਮੇਟੀ ਵੱਲੋਂ ਪੈਨਸ਼ਨ ਨਾ ਮਿਲਣ ਕਾਰਨ ਰੋਸ ਧਰਨਾ ਦਿੱਤਾ ਗਿਆ

ਕਪੂਰਥਲਾ— ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੇ ਸੱਦੇ ‘ਤੇ ਸ਼ਹਿਰੀ ਤੇ ਦਿਹਾਤੀ ਮੰਡਲ ਕਪੂਰਥਲਾ ਦੇ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਵੱਲੋਂ ਨਵੰਬਰ ਮਹੀਨੇ ਦੀ ਪੈਨਸ਼ਨ ਨਾ ਮਿਲਣ ਕਾਰਨ ਰੋਸ ਵਜੋਂ ਸਰਕਲ ਦਫਤਰ ਦੇ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਪੈਨਸ਼ਨਰਾਂ ਨੇ ਆਪਣੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਆਗੂ ਸੁਰਜੀਤ ਸਿੰਘ ਟੁਰਨਾ, ਸਵਿੰਦਰ ਸਿੰਘ ਬੁਟਾਰੀ, ਰਾਗਨੀ ਕਾਲੀਆ, ਸ਼ਰਦਾ ਦੇਵੀ, ਸ਼ਾਂਤੀ ਦੇਵੀ, ਉਰਮਿਲਾ ਰਾਣੀ, ਬਲਦੇਵ ਸਿੰਘ, ਕਿਸ਼ਨ ਗੋਪਾਲ, ਭਗਵਾਨ ਦਾਸ, ਅਸ਼ਵਨੀ ਸ਼ਰਮਾ, ਰਤਨ ਲਾਲ, ਪਿਆਰਾ ਸਿੰਘ, ਗੁਰਦਿਆਲ ਸਿੰਘ, ਅਨਿਲ ਧਵਨ, ਰੇਸ਼ਮ ਲਾਲ, ਨਿਰਮਲ ਰਾਏ ਆਦਿ ਨੇ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਪੈਨਸ਼ਨ ਦੀ ਅਦਾਇਗੀ ਕਰ ਦਿੱਤੀ ਜਾਂਦੀ ਹੈ ਪਰ ਇਸ ਵਾਰ ਮੈਨੇਜਮੈਂਟ ਨੇ ਪੈਨਸ਼ਨ ਦੀ ਅਦਾਇਗੀ ਇਹ ਕਹਿ ਕੇ ਰੋਕ ਦਿੱਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਸਬਸਿਡੀਆਂ ਦੇ ਕਿਸ਼ਤਾਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਹੈ। ਇਸ ਮੌਕੇ ਉਪਰੋਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਹ ਕਿਹਾ ਜਾਣਾ ਕਿ ਕੇਂਦਰ ਸਰਕਾਰ ਨੇ ਜੀ. ਐੱਸ. ਟੀ. ਦਾ ਬਣਦਾ ਹਿੱਸਾ ਪੰਜਾਬ ਸਰਕਾਰ ਨੂੰ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਤਨਖਾਹ ਤੇ ਪੈਨਸ਼ਨ ਦੇਣ ‘ਚ ਮੁਸ਼ਕਿਲ ਆ ਰਹੀ ਹੈ, ਇਕ ਹਾਸੋਹੀਣੀ ਗੱਲ ਹੈ। ਕਿਉਂਕਿ ਦੂਜੇ ਪਾਸੇ ਸਰਕਾਰ ਵਲੋਂ ਆਪਣੇ ਮੰਤਰੀਆਂ ਨੂੰ ਗ੍ਰਾਂਟਾਂ ਦੇ ਗੱਫੇ ਦਿੱਤੇ ਜਾ ਰਹੇ ਹਨ ਤੇ ਚੋਣਾਂ ‘ਤੇ ਬੇਹਿਸਾਬ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਪੈਨਸ਼ਨ ਦੀ ਅਦਾਇਗੀ ਤੁਰੰਤ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

Be the first to comment

Leave a Reply