ਪਿਥੌਰਗੜ੍ਹ ਜ਼ਿਲ੍ਹੇ ਵਿੱਚ ਬੱਦਲ ਫਟਣ ਕਾਰਨ ਤਿੰਨ ਲੋਕਾਂ ਦੀ ਮੌਤ

ਪਿਥੌਰਾਗੜ੍ਹ: ਉੱਤਰਾਖੰਡ ਦੇ ਪਿਥੌਰਗੜ੍ਹ ਜ਼ਿਲ੍ਹੇ ਵਿੱਚ ਅੱਜ ਬੱਦਲ ਫਟਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਇੱਕ ਜੇ.ਸੀ.ਓ. ਸਮੇਤ ਫੌਜ ਦੇ ਅੱਠ ਜਵਾਨ ਵੀ ਲਾਪਤਾ ਹੋ ਗਏ। ਪਿਥੌਰਾਗੜ੍ਹ ਦੇ ਹੀ ਮਾਲਪਾ ਪਿੰਡ ਵਿੱਚ ਤਿੰਨ ਦੁਕਾਨਾਂ ਵੀ ਵਹਿ ਗਈਆਂ ਤੇ ਮਲਬੇ ਵਿੱਚ ਦਬਣ ਨਾਲ ਤਿੰਨ ਸਥਾਨਕ ਲੋਕਾਂ ਦੀ ਮੌਤ ਹੋ ਗਈ।

ਬੱਦਲ ਫਟਣ ਦੀ ਇਹ ਘਟਨਾ ਕੈਲਾਸ਼ ਮਾਨਸਰੋਵਰ ਦੇ ਰਸਤੇ ਵਿੱਚ ਪੈਂਦੇ ਪਿੰਡ ਮਾਲਤੀ ਕੋਲ ਹੋਈ ਹੈ। ਇੱਥੇ ਟੈਂਟ ਲਾ ਕੇ ਰੁਕੇ ਫੌਜ ਦੇ ਅੱਠ ਜਵਾਨਾਂ ਸਮੇਤ ਤਿੰਨ ਪੋਰਟਰ ਵੀ ਜ਼ਮੀਨ ਖਿਸਕਣ ਦੀ ਚਪੇਟ ਵਿੱਚ ਆਉਣ ਕਾਰਨ ਲਾਪਤਾ ਹੋ ਗਏ। ਪਿਥੌਰਾਗੜ੍ਹ ਵਿੱਚ ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਬਾਰਡਰ ਖੇਤਰ ਵਿੱਚ ਤਾਇਨਾਤ ਆਈ.ਟੀ.ਬੀ.ਪੀ. ਮਿਰਥੀ ਤੋਂ ਮਿਲੀ ਜਾਣਕਾਰੀ ਅਨੁਸਾਰ ਬੱਦਲ ਫਟਣ ਤੋਂ ਬਾਅਦ JCO ਸਮੇਤ ਫੌਜ ਦੇ 8 ਜਵਾਨ ਲਾਪਤਾ ਹਨ। ਇਸ ਘਟਨਾ ਵਿੱਚ ਤਿੰਨ ਦੀ ਮੌਤ ਹੋ ਗਈ ਹੈ, ਜਦਕਿ ਇੱਕ ਨੂੰ ਬਚਾ ਲਿਆ ਗਿਆ ਹੈ।

ਭਾਰੀ ਮੀਂਹ ਤੇ ਜ਼ਮੀਨ ਖਿਸਕਣ ਨਾਲ ਫਿਲਹਾਲ ਕੈਲਾਸ਼ ਮਾਨਸਰੋਵਰ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਸਥਾਨਕ ਕਾਲੀ ਨਦੀ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਤੇ ਵਗ ਰਹੀ ਹੈ। ਐਲਾਗਾਡ ਸਮੇਤ ਕੁਝ ਥਾਵਾਂ ‘ਤੇ ਸੜਕਾਂ ਵੀ ਬੰਦ ਹੋ ਗਈਆਂ ਹਨ। ਬੀਤੇ ਕੱਲ੍ਹ ਪਿਥੌਰਾਗੜ ਦੇ ਬੰਗਾਪਾਨੀ ਵਿੱਚ ਭਾਰੀ ਮੀਂਹ ਤੋਂ ਬਾਅਦ ਖਿਸਕੀ ਜ਼ਮੀਨ ਕਾਰਨ ਇੱਕ ਮਕਾਨ ਡਿੱਗ ਗਿਆ ਜਿਸ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਬਰਾਂ ਦੀ ਮੌਤ ਹੋ ਗਈ ਸੀ। ਜ਼ਮੀਨ ਖਿਸਕਣ ਨਾਲ ਡਿੱਗੀਆਂ ਢਿੱਗਾਂ ਹੇਠ ਚਾਰ-ਪੰਜ ਮਕਾਨਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ।

Be the first to comment

Leave a Reply