ਪਿੰਡ ਭੂੰਦੜ ਦੀ ਬੇਅਦਬੀ ਘਟਨਾ ਕਿਸੇ ਗਹਿਰੀ ਸਾਜਿਸ਼ ਦਾ ਹਿੱਸਾ : ਗਿਆਨੀ ਹਰਪ੍ਰੀਤ ਸਿੰਘ

ਪਿਛਲੇ ਦਿਨੀਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੂੰਦੜ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਘਟਨਾ ਦੇ ਤਿੱਖਾ ਪ੍ਰਤੀਕਰਮ ਦਿੰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਮਾਮਲਾ ਧਿਆਨ ਵਿੱਚ ਆਉਂਦਿਆਂ, ਤੁਰੰਤ ਹੀ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਮੈਨੇਜਰ ਬਲਦੇਵ ਸਿੰਘ,ਐਡੀਸ਼ਨਲ ਮੈਨੇਜਰ ਮਨਿੰਦਰ ਸਿੰਘ, ਹੈੱਡ ਗ੍ਰੰਥੀ ਬਲਵਿੰਦਰ ਸਿੰਘ ਤੇ ਗ੍ਰੰਥੀ ਗੁਰਮੇਲ ਸਿੰਘ ਨੂੰ ਘਟਨਾ ਦਾ ਜਾਇਜ਼ਾ ਲੈਣ ਲਈ ਭੇਜਿਆ। ਜਾਇਜ਼ਾ ਲੈਣ ਉਪਰੰਤ ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੀ ਸਪਨਾ ਰਾਣੀ ਨਾਮ ਦੀ ਔਰਤ, ਉਸਦੇ ਦਿਓਰ ਚਰਨਦਾਸ ਜੋ ਕਿ ਡੇਰਾ ਪ੍ਰੇਮੀ ਹੈ, ਦੇ ਉਕਸਾਉਣ ਤੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਈ ਅਤੇ ਇਸ ਘਿਨੌਣੀ ਅਤੇ ਨਿੰਦਣਯੋਗ ਘਟਨਾ ਨੂੰ ਅੰਜਾਮ ਦਿੱਤਾ। ਇਸ ਘਟਨਾ ਨੇ ਦੇਸ਼ ਵਿਦੇਸ਼ ਵਿੱਚ ਵਸਦੇ ਸਮੂਹ ਸਿੱਖ ਪੰਥ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਸਿੰਘ ਸਾਹਿਬ ਨੇ ਇਸ ਘਟਨਾ ਦੀ ਪੁਰਜ਼ੋਰ ਨਿੰਦਿਆਂ ਕਰਦਿਆਂ ਪ੍ਰਸ਼ਾਸ਼ਨ ਨੂੰ ਇਸ ਗਹਿਰੀ ਸਾਜਿਸ਼ ਦੀ ਨਿਰਪੱਖ ਪੜਤਾਲ ਕਰਨ ਅਤੇ ਇਸ ਪਿੱਛੇ ਸ਼ਾਮਲ ਹੋਰਨਾਂ ਤਾਕਤਾਂ ਤੇ ਵਿਅਕਤੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ।  ਭਾਵੇਂ ਕਿ ਦੋਵਾਂ ਦੋਸ਼ੀਆਂ ਤੇ ਪਰਚਾ ਦਰਜ ਹੋ ਚੁੱਕਿਆ ਹੈ ਅਤੇ ਆਸ ਕੀਤੀ ਜਾ ਰਹੀ ਹੈ ਕਿ ਜਲਦ ਹੀ ਦੋਸ਼ੀ ਸਲਾਖਾਂ ਦੇ ਪਿੱਛੇ ਹੋਣਗੇ। ਉਨ੍ਹਾਂ ਨੇ ਸਮੂਹ ਗੁਰਦੁਆਰਾ ਕਮੇਟੀਆਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਸਾਰੇ ਪਿੰਡਾਂ/ਸ਼ਹਿਰਾਂ ਦੇ ਗੁਰਦੁਆਰਾ ਸਾਹਿਬਾਨ ਦੀ ਸੁਰੱਖਿਆ ਵਧਾਈ ਜਾਵੇ, ਕਿਸੇ ਵੀ ਕੀਮਤ ਤੇ ਗੁਰਦੁਆਰਾ ਸਾਹਿਬ ਦਾ ਪ੍ਰਕਾਸ਼ ਸਥਾਨ ਖਾਲੀ ਨਾ ਛੱਡਿਆ ਜਾਵੇ, ਲੋੜ ਪੈਣ ‘ਤੇ ਪਹਿਰੇਦਾਰ ਨਿਯੁਕਤ ਕੀਤੇ ਜਾਣ ਜਾਂ ਸੰਗਤਾਂ ਦੀਆਂ ਡਿਊਟੀਆਂ ਲਗਾ ਕੇ ਪਹਿਰਾ ਸਖਤ ਕੀਤਾ ਜਾਵੇ ਤਾਂ ਜੋ ਸ਼ਰਾਰਤੀ ਅਨਸਰ ਮੌਕੇ ਦਾ ਫਾਇਦਾ ਨਾ ਉਠਾ ਸਕਣ। ਉਨ੍ਹਾਂ ਨੇ ਆਖਿਆ ਕਿ ਜਿਵੇਂ ਅਸੀਂ ਆਪਣੇ ਨਿੱਜੀ ਘਰ ਦੀ ਸੁਰੱਖਿਆ ਲਈ ਹਰ ਤਰ੍ਹਾਂ ਦੇ ਪ੍ਰਬੰਧ ਕਰਦੇ ਹਾਂ, ਉਸੇ ਤਰ੍ਹਾਂ ਗੁਰੂ ਘਰ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਸਾਨੂੰ ਹਰ ਤਰ੍ਹਾਂ ਦੇ ਸਾਰਥਕ ਯਤਨ ਆਰੰਭ ਦੀ ਲੋੜ ਹੈ।