ਪਿੰਡ ਵਾਸੀਆ ਵੱਲੋ ਸਕੂਲ ਨੂੰ ਬੰਦ ਕਰਕੇ ਲਗਾਇਆ ਗਿਆ ਧਰਨਾ

ਪਟਿਆਲਾ  – ਪੰਜਾਬ ਸਰਕਾਰ ਵੱਲੋਂ ਹਲਕਾ ਸਨੌਰ ਦੇ ਬੋਲੜ ਪਿੰਡ ਦੇ ਸਕੂਲ ਦੀ ਅਪਗ੍ਰੇਡੇਸ਼ਨ ਰੋਕਣ ਦਾ ਮਾਮਲਾ ਪੂਰੀ ਤਰ੍ਹਾਂ ਗਰਮਾ ਚੁੱਕਾ ਹੈ। ਦਰਜਨਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਪਿੰਡ ਬੋਲੜ ਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੇ ਸਕੂਲ ਨੂੰ ਜਿੰਦਰਾ ਜੜ ਕੇ ਉਸ ਦੇ ਬਾਹਰ ਧਰਨਾ ਲਾ ਦਿੱਤਾ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਸਕੂਲ ਕਮੇਟੀ ਦੇ ਚੇਅਰਮੈਨ ਸਾਧੂ ਸਿੰਘ, ਨੰਬਰਦਾਰ ਮਹਿੰਦਰ, ਸਰਪੰਚ ਗੁਰਦੀਪ ਸਿੰਘ ਅਤੇ ਪ੍ਰਗਟ ਸਿੰਘ ਬੋਲੜ ਕਰ ਰਹੇ ਸਨ। ਇਲਾਕੇ ਦੇ ਲੋਕਾਂ ਨੇ ਐਲਾਨ ਕੀਤਾ ਕਿ ਜੇਕਰ ਸਕੂਲ ਨੂੰ ਅਪਗ੍ਰੇਡ ਨਾ ਕੀਤਾ ਗਿਆ ਤਾਂ ਉਹ ਮੋਤੀ ਮਹਿਲ ਅੱਗੇ ਧਰਨਾ ਮਾਰ ਕੇ ਆਪਣਾ ਹੱਕ ਮੰਗਣਗੇ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਵੱਧ ਤੋਂ ਵੱਧ ਸਿੱਖਿਆ ਸਹੂਲਤਾਂ ਦੇਣ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰ ਰਹੀ ਹੈ, ਦੂਜੇ ਪਾਸੇ ਇਸ ਇਲਾਕੇ ਦੀ ਸਭ ਤੋਂ ਵੱਡੀ ਜ਼ਰੂਰਤ ਸਕੂਲ ਅਪਗ੍ਰੇਡ ‘ਤੇ ਰੋਕ ਲਾਈ ਜਾ ਰਹੀ ਹੈ। ਸਭ ਤੋਂ ਅਹਿਮ ਗੱਲ ਇਹ ਰਹੀ ਕਿ ਇਲਾਕੇ ਦੇ ਲੋਕਾਂ ਦੇ ਹੱਕ ਵਿਚ ਹਲਕਾ ਸਨੌਰ ਦੇ ਐੱਮ. ਐੱਲ. ਏ. ਹਰਿੰਦਰਪਾਲ ਸਿੰਘ ਚੰਦੂਮਾਜਰਾ ਵੀ ਨਿੱਤਰ ਗਏ ਹਨ। ਉਹ ਅੱਜ ਖੁਦ ਧਰਨੇ ‘ਤੇ ਬੈਠੇ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਅਪਗ੍ਰੇਡੇਸ਼ਨ ‘ਤੇ ਰੋਕ ਲਾਈ ਤਾਂ ਉਹ ਇਸ ਇਲਾਕੇ ਦੇ ਲੋਕਾਂ ਨੂੰ ਸਿੱਖਿਆ ਦਾ ਹੱਕ ਦਿਵਾਉਣ ਲਈ ਇਸ ਮੁੱਦੇ ਨੂੰ ਵਿਧਾਨ ਸਭਾ ਵਿਚ ਉਠਾਉਣਗੇ। ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਅਪਗ੍ਰੇਡ ਕੀਤੇ ਗਏ ਸਕੂਲ ਦੀ ਅਪਗ੍ਰੇਡੇਸ਼ਨ ‘ਤੇ ਜਾਣ-ਬੁੱਝ ਕੇ ਰੋਕ ਲਾ ਰਹੀ ਹੈ। ਇਸ ਸਕੂਲ ਨੂੰ ਕੋਡ ਅਲਾਟ ਹੋ ਚੁੱਕਾ ਹੈ। ਵਿਦਿਆਰਥੀਆਂ ਦੇ ਦਾਖਲੇ ਹੋ ਚੁੱਕੇ ਹਨ। ਇਸ ਦੇ ਬਾਵਜੂਦ ਵੀ ਸਰਕਾਰ ਇਲਾਕੇ ਦੇ ਲੋਕਾਂ ਨਾਲ ਧੱਕਾ ਕਰ ਰਹੀ ਹੈ। ਇਸ ਨੂੰ ਉਹ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰਨਗੇ। ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਹੱਥ ਖੜ੍ਹੇ ਕਰ ਕੇ ਇਲਾਕੇ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਨ੍ਹਾਂ ਲੋਕਾਂ ਦੇ ਸਿੱਖਿਆ ਦੇ ਹੱਕ ਨੂੰ ਕਿਸੇ ਵੀ ਕੀਮਤ ‘ਤੇ ਨਹੀਂ ਮਰਨ ਦੇਣਗੇ। ਨੌਜਵਾਨ ਵਿਧਾਇਕ ਨਾ ਕੇਵਲ ਲੋਕਾਂ ਨਾਲ ਡਟੇ ਖੜ੍ਹੇ ਦਿਖਾਈ ਦਿੱਤੇ ਸਗੋਂ ਉਨ੍ਹਾਂ ਨੇ ਧੜੱਲੇ ਨਾਲ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਚੁਣ ਕੇ ਵਿਧਾਨ ਸਭਾ ਵਿਚ ਭੇਜਿਆ ਹੈ, ਉਹ ਲੋਕਾਂ ਦੇ ਹੱਕਾਂ ‘ਤੇ ਦਿਨ-ਰਾਤ ਪਹਿਰਾ ਦੇਣਗੇ। ਮਾਮਲਾ ਗਰਮਾਉਂਦਾ ਦੇਖ ਕੇ ਜ਼ਿਲਾ ਸਿੱਖਿਆ ਅਫਸਰ ਸ਼੍ਰੀ ਸੰਜੀਵ ਸ਼ਰਮਾ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਕਿਸੇ ਨਾਲ ਕੋਈ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਉਹ ਸਾਰੇ ਮਾਮਲੇ ਦੀ ਤਹਿ ਤੱਕ ਜਾ ਕੇ ਹਰ ਹਾਲ ਵਿਚ ਬਣਦੀ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਿੱਖਿਆ ਦਾ ਅਧਿਕਾਰ ਦੇਣ ਲਈ ਵਚਨਬੱਧ ਹੈ। ਇਸ ਲਈ ਇਸ ਇਲਾਕੇ ਦੇ ਲੋਕਾਂ ਨਾਲ ਕੋਈ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।

Be the first to comment

Leave a Reply